#OTHERS

ਪੀ.ਓ.ਕੇ. ਚੋਣਾਂ ਦੇ ਪਹਿਲੇ ਪੜਾਅ ‘ਚ ਨਵਾਜ਼ ਸ਼ਰੀਫ਼ ਦੀ ਪੀ.ਐੱਮ.ਐੱਲ.-ਐੱਨ ਨੇ ਜਿੱਤੀਆਂ 9 ਸੀਟਾਂ

ਇਸਲਾਮਾਬਾਦ, 29 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਹੋਈਆਂ ਚੋਣਾਂ ਦੇ ਪਹਿਲੇ ਪੜਾਅ ਵਿਚ ਫੌਜ ਸਮਰਥਿਤ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਨੇ 13 ਵਿਚੋਂ 9 ਸੀਟਾਂ ਜਿੱਤੀਆਂ ਹਨ। ਚੋਣ ਕਮਿਸ਼ਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਸੋਮਵਾਰ ਨੂੰ ਹੋਈਆਂ ਚੋਣਾਂ ਦੇ ਪਹਿਲੇ ਪੜਾਅ ਵਿਚ ਵੱਡੇ ਪੱਧਰ ‘ਤੇ ਧਾਂਦਲੀ ਦੇ ਦੋਸ਼ ਲੱਗੇ ਹਨ, ਜਿਸ ਵਿਚ ਪਾਕਿਸਤਾਨ ਦੀ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਬਾਕੀ ਸੀਟਾਂ ਜਿੱਤੀਆਂ। ਦੋਵੇਂ ਪਾਰਟੀਆਂ ਸੰਘੀ ਪੱਧਰ ‘ਤੇ ਗੱਠਜੋੜ ਭਾਈਵਾਲ ਹਨ। ਮੰਗਲਵਾਰ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਮੁੱਢਲੇ ਨਤੀਜਿਆਂ ਅਨੁਸਾਰ ਸ਼ਰੀਫ ਭਰਾਵਾਂ ਨਵਾਜ਼ ਅਤੇ ਸ਼ਾਹਬਾਜ਼ ਦੀ ਅਗਵਾਈ ਵਾਲੀ ਪੀ.ਐੱਮ.ਐੱਲ.-ਐੱਨ ਨੌਂ ਹਲਕਿਆਂ ਵਿਚ ਜੇਤੂ ਬਣ ਕੇ ਉਭਰੀ ਹੈ, ਜਦੋਂ ਕਿ ਭੁੱਟੋ ਦੀ ਅਗਵਾਈ ਵਾਲੀ ਪੀ.ਪੀ.ਪੀ. ਨੇ ਚਾਰ ਸੀਟਾਂ ਹਾਸਲ ਕੀਤੀਆਂ ਹਨ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਤਥਾਕਥਿਤ ਵਿਧਾਨ ਸਭਾ ਵਿਚ 45 ਸੀਟਾਂ ਲਈ ਚੋਣਾਂ 27 ਜੁਲਾਈ ਤੋਂ 10 ਅਗਸਤ ਦੇ ਵਿਚਕਾਰ ਤਿੰਨ ਪੜਾਵਾਂ ਵਿਚ ਹੋ ਰਹੀਆਂ ਹਨ।
ਸੱਤ ਸੀਟਾਂ ‘ਤੇ ਧਾਂਦਲੀ ਦਾ ਦੋਸ਼ ਲਗਾਉਂਦੇ ਹੋਏ ਪੀ.ਪੀ.ਪੀ. ਦੇ ਸੀਨੀਅਰ ਨੇਤਾ ਨਈਅਰ ਬੁਖਾਰੀ ਨੇ ਕਿਹਾ: ”ਸਾਡੀਆਂ ਜਿੱਤੀਆਂ ਸੀਟਾਂ ਪੀ.ਐੱਮ.ਐੱਲ.-ਐੱਨ ਨੂੰ ਤੋਹਫ਼ੇ ਵਿਚ ਦਿੱਤੀਆਂ ਗਈਆਂ ਹਨ।” ਪੀ.ਪੀ.ਪੀ. ਦੇ ਹੋਰ ਸੀਨੀਅਰ ਨੇਤਾਵਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਕੁਝ ਹਲਕਿਆਂ ਵਿਚ ਧਾਂਦਲੀ ਦੀ ਜਾਂਚ ਪੂਰੀ ਹੋਣ ਤੱਕ ਨਤੀਜੇ ਐਲਾਨ ਨਾ ਕੀਤੇ ਜਾਣ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸਲਾਹਕਾਰ ਰਾਣਾ ਸਨਾਉੱਲਾ ਨੇ ਧਾਂਦਲੀ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਚੋਣਾਂ ਵੱਡੇ ਪੱਧਰ ‘ਤੇ ”ਸ਼ਾਂਤਮਈ ਅਤੇ ਨਿਰਪੱਖ” ਢੰਗ ਨਾਲ ਹੋਈਆਂ ਸਨ ਅਤੇ ਇੱਕ ਹਲਕੇ ਵਿਚ ਹਿੰਸਾ ਦੀ ਰਿਪੋਰਟ ਕੀਤੀ ਗਈ ਸੀ।
ਭਾਰਤ ਦਾ ਮੰਨਣਾ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪੂਰੇ ਕੇਂਦਰ ਸ਼ਾਸਤ ਪ੍ਰਦੇਸ਼ ਇਸਦੇ ਅਨਿੱਖੜਵੇਂ ਅਤੇ ਅਟੁੱਟ ਹਿੱਸੇ ਹਨ। ਨਵੀਂ ਦਿੱਲੀ ਇਹ ਵੀ ਦਾਅਵਾ ਕਰਦੀ ਹੈ ਕਿ ਪਾਕਿਸਤਾਨ ਨੇ ਇਨ੍ਹਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁਝ ਹਿੱਸਿਆਂ ‘ਤੇ ”ਗੈਰ-ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ਾ” ਕੀਤਾ ਹੋਇਆ ਹੈ।