#PUNJAB

ਪੀ.ਐੱਮ. ਮੋਦੀ ਸਮੇਤ ਅਮਿਤ ਸ਼ਾਹ, ਜੇ.ਪੀ. ਨੱਡਾ ਤੇ ਰਾਜਨਾਥ ਸਿੰਘ ਆਉਣਗੇ Punjab

ਚੰਡੀਗੜ੍ਹ, 14 ਜਨਵਰੀ (ਪੰਜਾਬ ਮੇਲ)- ਪੰਜਾਬ ਵਿਚ ਅਕਾਲੀ ਦਲ ਦੇ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਨੇ ਅਗਲੇ 3 ਮਹੀਨੇ ਦੌਰਾਨ ਪਾਰਟੀ ਗਤੀਵਿਧੀਆਂ ਦੀ ਕਾਰਜਯੋਜਨਾ ਨੂੰ ਅੰਤਮ ਰੂਪ ਦੇ ਦਿੱਤਾ ਹੈ। ਇਸ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਸਮੇਤ ਸੀਨੀਅਰ ਕੌਮੀ ਨੇਤਾ ਰੈਲੀਆਂ ਨੂੰ ਸੰਬੋਧਨ ਕਰਨ ਪੰਜਾਬ ਆਉਣਗੇ। 20 ਮਾਰਚ ਤੋਂ ਬਾਅਦ ਇਨ੍ਹਾਂ ਨੇਤਾਵਾਂ ਦੀਆਂ ਇਹ ਰੈਲੀਆਂ ਹੋਣੀਆਂ ਹਨ।
ਭਾਜਪਾ ਨੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਨੂੰ 5 ਕਲੱਸਟਰਾਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ ਅੰਮ੍ਰਿਤਸਰ, ਜਲੰਧਰ ਤੇ ਗੁਰਦਾਸਪੁਰ ਲੋਕਸਭਾ ਹਲਕਿਆਂ ਦਾ ਇਕ ਕਲੱਸਟਰ, ਸ੍ਰੀ ਆਨੰਦਪੁਰ ਸਾਹਿਬ, ਹੁਸ਼ਿਆਰਪੁਰ ਤੇ ਬਠਿੰਡਾ ਦਾ ਅਲੱਗ, ਲੁਧਿਆਣਾ, ਸੰਗਰੂਰ ਤੇ ਪਟਿਆਲਾ ਹਲਕਿਆਂ ਦਾ ਕਲੱਸਟਰ, ਫਰੀਦਕੋਟ ਤੇ ਫ਼ਤਹਿਗੜ੍ਹ ਸਾਹਿਬ ਦਾ ਕਲੱਸਟਰ ਤੇ ਖਡੂਰ ਸਾਹਿਬ ਤੇ ਫਿਰੋਜ਼ਪੁਰ ਲੋਕਸਭਾ ਹਲਕਿਆਂ ਦੇ ਕਲੱਸਟਰ ਸ਼ਾਮਲ ਹਨ। ਪਾਰਟੀ ਸੂਤਰਾਂ ਮੁਤਾਬਿਕ ਉਕਤ ਕੇਂਦਰੀ ਨੇਤਾਵਾਂ ਦੀ ਕਲੱਸਟਰ ਵਿਚ ਇਕ ਰੈਲੀ ਹੋਵੇਗੀ।
ਸੂਬਾ ਭਾਜਪਾ ਵਲੋਂ ਤੈਅ ਯੋਜਨਾ ਦੇ ਤਹਿਤ 25 ਮਾਰਚ ਨੂੰ ਨਵ ਮਤਦਾਤਾ ਸੰਮੇਲਨ ਆਯੋਜਿਤ ਹੋਵੇਗਾ। ਇਸ ਵਿਚ 18-20 ਸਾਲ ਉਮਰ ਵਰਗ ਦੇ ਨਵੇਂ ਵੋਟਰਾਂ ਨਾਲ ਕਾਲਜਾਂ ਤੇ ਹੋਰ ਸੰਸਥਾਵਾਂ ਵਿਚ ਜਾ ਕੇ ਸੰਪਰਕ ਕੀਤਾ ਜਾਵੇਗਾ। ਇਸ ਨਾਲ ਪਾਰਟੀ ਨੇ 15 ਜਨਵਰੀ ਤੱਕ ਬੂਥ ਕਮੇਟੀ ਤਿਆਰ ਕਰਨ, ਜਿਥੇ ਮੰਡਲ ਅਹੁਦੇਦਾਰਾਂ ਦੀ ਕਮੀ ਹੈ, ਉਸ ਨੂੰ ਪੂਰਾ ਕਰਨ ਤੋਂ ਇਲਾਵਾ ਸ਼ਕਤੀ ਕੇਂਦਰਾਂ ਦਾ ਕੰਮ ਪੂਰਾ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। 15 ਤੋਂ 25 ਜਨਵਰੀ ਵਿਚਕਾਰ ਹਰੇਕ ਵਿਧਾਨ ਸਭਾ ਹਲਕੇ ਵਿਚ ਭਾਜਪਾ ਵਰਕਰਾਂ ਦਾ ਬੂਥ ਸੰਮੇਲਨ ਹੋਵੇਗਾ।
ਫਰਵਰੀ ਵਿਚ ਪਹਿਲੀ ਤੋਂ 15 ਤਰੀਕ ਤੱਕ ਭਾਜਪਾ ਪੂਰੇ ਪੰਜਾਬ ਵਿਚ ਪਿੰਡ ਚਲੋ ਮੁਹਿੰਮ ਚਲਾਏਗੀ। ਇਸ ਦੇ ਤਹਿਤ ਸੂਬੇ ਦੇ ਸਭ ਸੀਨੀਅਰ ਨੇਤਾ ਕਿਸੇ ਵੀ 1 ਪਿੰਡ ਵਿਚ 24 ਘੰਟੇ ਰੁਕਣਗੇ। ਇਸ ਦੌਰਾਨ ਉਹ ਰਾਤ ਨੂੰ ਵੀ ਉਸੇ ਪਿੰਡ ਵਿਚ ਰਹਿਣਗੇ ਤੇ ਕਿਸਾਨਾਂ, ਪੰਚਾਇਤਾਂ, ਧਾਰਮਿਕ ਤੇ ਸਮਾਜਿਕ ਸੰਗਠਨਾਂ ਤੋਂ ਇਲਾਵਾ ਪਿੰਡ ਦੇ ਪ੍ਰਮੁੱਖ ਲੋਕਾਂ ਲਾਲ ਸੰਪਰਕ ਕਰ ਕੇ ਪਾਰਟੀ, ਸੂਬਾ ਤੇ ਦੇਸ਼ ਦੀ ਰਾਜਨੀਤੀ ਬਾਰੇ ਚਰਚਾ ਕਰਨਗੇ। ਪਿੰਡ ਚਲੋ ਮੁਹਿੰਮ ਵਿਚ ਸੂਬੇ ਤੋਂ ਕੇਂਦਰੀ ਮੰਤਰੀ ਤੋਂ ਲੈ ਕੇ ਮੰਡਲ ਦੇ ਅਹੁਦੇਦਾਰ ਪਿੰਡ ਵਿਚ ਰਹਿਣਗੇ।
ਪੰਜਾਬ ਭਾਜਪਾ ਦੇ ਪਾਰਟੀ ਦੇ ਸਾਰੇ 6 ਮੋਰਚਿਆਂ ਨੂੰ 2-2 ਸੰਮੇਲਨ 16 ਤੋਂ 29 ਫਰਵਰੀ ਦੌਰਾਨ ਕਰਵਾਉਣ ਨੂੰ ਕਿਹਾ ਹੈ। ਕੁੱਲ 12 ਸੰਮੇਲਨ ਹੋਣਗੇ, ਜਿਨ੍ਹਾਂ ਵਿਚ 25,000 ਲੋਕਾਂ ਦੀ ਮੌਜੂਦਗੀ ਦਾ ਟੀਚਾ ਦਿੱਤਾ ਗਿਆ ਹੈ। ਸੂਬੇ ਵਿਚ ਭਾਜਪਾ ਦੇ ਵੱਖ-ਵੱਖ ਵਰਗਾਂ ਦੇ ਨੌਜਵਾਨ ਮੋਰਚਾ, ਮਹਿਲਾ ਮੋਰਚਾ, ਕਿਸਾਨ ਮੋਰਚਾ, ਘੱਟ ਗਿਣਤੀ ਮੋਰਚਾ, ਅਨੁਸੂਚਿਤ ਜਾਤੀ ਮੋਰਚਾ ਤੇ ਓ.ਬੀ.ਸੀ. ਮੋਰਚੇ ਹਨ।
ਇਸ ਦੇ ਨਾਲ ਹੀ ਪਹਿਲੀ ਤੋਂ 9 ਮਾਰਚ ਤੱਕ ਸਾਰੇ ਲੋਕ ਸਭਾ ਹਲਕਿਆਂ ਵਿਚ ਯਾਤਰਾ ਕੱਢੀ ਜਾਵੇਗੀ। ਇਸ ਯਾਤਰਾ ਦੌਰਾਨ ਰੋਜ਼ਾਨਾ ਇਕ ਵਿਧਾਨਸਭਾ ਹਲਕੇ ਨੂੰ ਕਵਰ ਕੀਤਾ ਜਾਵੇਗਾ, ਜਿਸ ਤਹਿਤ ਸ਼ਹਿਰ ਜਾਂ ਕਸਬੇ ਦੇ 5-7 ਵਾਰਡਾਂ ਤੇ ਪਿੰਡਾਂ ਦੀ 1500 ਤੋਂ 2000 ਦੀ ਮੌਜੂਦਗੀ ਵਾਲੀਆਂ ਜਨਸਭਾ ਆਯੋਜਿਤ ਕੀਤੀ ਜਾਵੇਗੀ। ਇਸ ਵਿਚ ਪਾਰਟੀ ਦਾ ਇਕ ਸੀਨੀਅਰ ਨੇਤਾ ਮੌਜੂਦ ਰਹੇਗਾ। 9 ਦਿਨਾਂ ਦੌਰਾਨ ਲੋਕਸਭਾ ਹਲਕੇ ਦੇ ਤਹਿਤ ਸਾਰੇ 9 ਵਿਧਾਨਸਭਾ ਹਲਕਿਆਂ ਵਿਚ ਯਾਤਰਾ ਜਾਵੇਗੀ।
ਸੂਬੇ ਦੀਆਂ ਔਰਤਾਂ ਵਿਚ ਵੱਧ ਤੋਂ ਵੱਧ ਪੈਠ ਬਣਾਉਣ ਲਈ ਪੰਜਾਬ ਭਾਜਪਾ 25 ਜਨਵਰੀ ਨੂੰ ਯੁਵਤੀ ਸੰਮੇਲਨ ਆਯੋਜਿਤ ਕਰੇਗੀ। ਇਸ ਸੰਮੇਲਨ ਵਿਚ ਘੱਟ ਤੋਂ ਘੱਟ 2500 ਨੌਜਵਾਨ ਲੜਕੀਆਂ ਦੀ ਮੌਜੂਦਗੀ ਯਕੀਨੀ ਬਣਾਉਣ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਯੁਵਾ ਮੋਰਚਾ ਤੇ ਮਹਿਲਾ ਮੋਰਚਾ ਅਹੁਦੇਦਾਰ ਤੇ ਵਰਕਰ ਵਿਦਿਅਕ ਸੰਸਥਾਨਾਂ, ਕੋਚਿੰਗ ਸੈਂਟਰਾਂ ਤੇ ਭਾਈਚਾਰਕ ਕੇਂਦਰਾਂ ਵਿਚ ਜਾ ਕੇ ਨਾਮਜ਼ਦਗੀ ਕਰਨਗੇ ਤੇ ਨਮੋ ਐਪ ‘ਤੇ ਸੈਲਫ਼ੀ ਪਾਉਣਗੇ।