ਬੈਲਜੀਅਮ, 14 ਅਪ੍ਰੈਲ (ਪੰਜਾਬ ਮੇਲ)- ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਘੁਟਾਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਬੈਲਜੀਅਮ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੋਕਸੀ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਦੀ ਬੇਨਤੀ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਚੋਕਸੀ ਇਲਾਜ ਲਈ ਬੈਲਜੀਅਮ ਗਿਆ ਸੀ। ਬੈਲਜੀਅਮ ਪੁਲਿਸ ਨੇ ਮੇਹੁਲ ਚੋਕਸੀ ਨੂੰ 11 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਗ੍ਰਿਫ਼ਤਾਰੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਬੇਨਤੀ ‘ਤੇ ਕੀਤੀ ਗਈ ਸੀ।
ਮੇਹੁਲ ਚੋਕਸੀ ਕਰੋੜਾਂ ਦੇ ਪੀ.ਐੱਨ.ਬੀ. ਘੁਟਾਲੇ ਦਾ ਮੁੱਖ ਦੋਸ਼ੀ ਹੈ। ਇਹ ਘੁਟਾਲਾ 13,500 ਕਰੋੜ ਰੁਪਏ ਤੋਂ ਵੱਧ ਦਾ ਹੈ। ਚੋਕਸੀ 2018 ਤੋਂ ਐਂਟੀਗੁਆ ਵਿਚ ਰਹਿ ਰਿਹਾ ਹੈ। ਈ.ਡੀ. ਨੇ ਚੋਕਸੀ ਵਿਰੁੱਧ ਤਿੰਨ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ। 2019 ਵਿਚ ਈ.ਡੀ. ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਚੋਕਸੀ ‘ਭਗੌੜਾ ਅਤੇ ਫ਼ਰਾਰ’ ਹੈ। 2018 ਵਿਚ ਪੀ.ਐੱਨ.ਬੀ. ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਚੋਕਸੀ ਭਾਰਤ ਤੋਂ ਭੱਜ ਗਿਆ ਸੀ। ਚੋਕਸੀ ਦਾ ਭਤੀਜਾ ਨੀਰਵ ਮੋਦੀ ਵੀ ਇਸ ਘੁਟਾਲੇ ਦਾ ਦੋਸ਼ੀ ਹੈ ਅਤੇ ਲੰਡਨ ਵਿਚ ਹਵਾਲਗੀ ਦੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ।
ਮਈ 2021 ਵਿਚ ਚੋਕਸੀ ਦੇ ਐਂਟੀਗੁਆ ਤੋਂ ਲਾਪਤਾ ਹੋਣ ਦੀਆਂ ਰਿਪੋਰਟਾਂ ਵੀ ਆਈਆਂ ਸਨ, ਪਰ ਬਾਅਦ ਵਿਚ ਉਸਦੇ ਡੋਮਿਨਿਕਾ ਵਿਚ ਹੋਣ ਦੀ ਰਿਪੋਰਟ ਆਈ। ਸੀ.ਬੀ.ਆਈ. ਨੇ ਇੰਟਰਪੋਲ ਨੂੰ ਮੇਹੁਲ ਚੋਕਸੀ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ 2018 ਵਿਚ ਇੰਟਰਪੋਲ ਨੇ ਚੋਕਸੀ ਵਿਰੁੱਧ ਰੈੱਡ ਨੋਟਿਸ ਜਾਰੀ ਕੀਤਾ। ਚੋਕਸੀ ਵੱਲੋਂ ਇੰਟਰਪੋਲ ਵਿਚ ਰੈੱਡ ਨੋਟਿਸ ਹਟਾਉਣ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ 2021 ਵਿਚ ਭਾਰਤੀ ਜਾਂਚ ਏਜੰਸੀਆਂ ਨੇ ਉਸ ਨੂੰ ‘ਅਗਵਾ’ ਕੀਤਾ ਸੀ ਅਤੇ ਉਸ ਨੂੰ ਡੋਮਿਨਿਕਾ ਲੈ ਗਈਆਂ ਸਨ। ਇਸ ਕਾਰਨ ਇੰਟਰਪੋਲ ਨੇ ਉਸਦੇ ਖਿਲਾਫ ਰੈੱਡ ਨੋਟਿਸ ਹਟਾਉਣ ਦਾ ਫੈਸਲਾ ਕੀਤਾ ਹੈ।
2018 ਵਿਚ ਈ.ਡੀ. ਨੇ ਚੋਕਸੀ ਦੀਆਂ 1,217 ਕਰੋੜ ਰੁਪਏ ਦੀਆਂ 41 ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਜ਼ਬਤ ਕੀਤਾ ਸੀ। ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿਚ ਮੁੰਬਈ ਦੇ ਇੱਕ ਆਲੀਸ਼ਾਨ ਇਲਾਕੇ ਵਿਚ ਉਸਦੇ ਦੋ ਫਲੈਟ, ਕੋਲਕਾਤਾ ਵਿਚ ਇੱਕ ਮਾਲ, ਮੁੰਬਈ-ਗੋਆ ਹਾਈਵੇਅ ‘ਤੇ 27 ਏਕੜ ਜ਼ਮੀਨ, ਤਾਮਿਲਨਾਡੂ ਵਿਚ 101 ਏਕੜ ਜ਼ਮੀਨ, ਨਾਸਿਕ, ਨਾਗਪੁਰ, ਆਂਧਰਾ ਪ੍ਰਦੇਸ਼ ਵਿਚ ਜ਼ਮੀਨਾਂ ਅਤੇ ਸੂਰਤ ਵਿਚ ਦਫ਼ਤਰ ਸ਼ਾਮਲ ਹਨ।
ਪੀ.ਐੱਨ.ਬੀ. ਘੁਟਾਲੇ ਦਾ ਮੁੱਖ ਦੋਸ਼ੀ ਭਗੌੜਾ ਮੇਹੁਲ ਚੋਕਸੀ ਬੈਲਜੀਅਮ ‘ਚ ਗ੍ਰਿਫ਼ਤਾਰ
