#PUNJAB

ਪਿਤਾ ਨੇ ਭਰਾ ਨਾਲ ਰਲ ਕੇ ਪੁੱਤ ਦੀ ਕੀਤੀ ਹੱਤਿਆ

ਲੰਬੀ, 2 ਦਸੰਬਰ (ਪੰਜਾਬ ਮੇਲ)-  ਪਿੰਡ ਧੌਲਾ ਵਿੱਚ ਸ਼ੱਕ ਨੇ ਹੱਸਦਾ ਖੇਡਦਾ ਪਰਿਵਾਰ ਬਰਬਾਦ ਕਰ ਦਿੱਤਾ। ਪਿਤਾ ਅਤੇ ਚਾਚੇ ਵੱਲੋਂ ਗੋਲੀ ਮਾਰ ਕੇ ਜ਼ਖ਼ਮੀ ਕੀਤੇ 22 ਸਾਲਾ ਨੌਜਵਾਨ ਨਵਜੋਤ ਦੀ ਇਲਾਜ ਦੌਰਾਨ ਮੌਤ ਹੋ ਗਈ। ਹੱਤਿਆ ਦਾ ਕਾਰਨ ਮ੍ਰਿਤਕ ਦੇ ਪਿਤਾ ਸ਼ਿਵਰਾਜ ਅਤੇ ਚਾਚਾ ਰੇਸ਼ਮ ਸਿੰਘ ਨੂੰ ਸ਼ੱਕ ਸੀ ਕਿ ਇਹ ਲੜਕਾ ਉਨ੍ਹਾਂ ਦੀ ਔਲਾਦ ਨਹੀਂ ਹੈ। ਮ੍ਰਿਤਕ ਨੇ 10 ਦਸੰਬਰ ਨੂੰ ਸਟੱਡੀ ਵੀਜੇ ‘ਤੇ ਕੈਨੇਡਾ ਜਾਣਾ ਸੀ। ਲੰਬੀ ਪੁਲੀਸ ਨੇ ਮ੍ਰਿਤਕ ਦੀ ਮਾਂ ਦੇ ਬਿਆਨ ਉੱਪਰ ਸ਼ਿਵਰਾਜ ਸਿੰਘ ਅਤੇ ਰੇਸ਼ਮ ਸਿੰਘ ਖ਼ਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਹੈ। ਇਹ ਘਟਨਾ ਬੀਤੇ ਪਰਸੋਂ ਵਾਪਰੀ ਸੀ, ਜਿਸ ਵਿੱਚ ਦੋਸ਼ ਹੈ ਕਿ ਸ਼ਿਵਰਾਜ ਸਿੰਘ ਅਤੇ ਰੇਸ਼ਮ ਸਿੰਘ ਨੇ ਨਵਜੋਤ ਦੇ ਢਿੱਡ ਵਿਚ 12 ਬੋਰ ਲਾਇਸੰਸੀ ਬੰਦੂਕ ਨਾਲ ਇੱਕ-ਇੱਕ ਕਰਕੇ ਦੋ ਗੋਲੀਆਂ ਮਾਰ ਦਿੱਤੀਆਂ ਸਨ। ਲੰਬੀ ਦੇ ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।