#AMERICA

ਪਿਟਸਬਰਗ ਯੂਨੀਵਰਸਿਟੀ ‘ਚ ਪੜ੍ਹਦੀ ਭਾਰਤੀ ਵਿਦਿਆਰਥਣ ਦੇ ਸਮੁੰਦਰ ਦੀਆਂ ਲਹਿਰਾਂ ‘ਚ ਡੁੱਬ ਜਾਣ ਦਾ ਖਦਸ਼ਾ

ਸੈਕਰਾਮੈਂਟੋ, 12 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਧਿਕਾਰੀਆਂ ਦਾ ਵਿਸ਼ਵਾਸ਼ ਹੈ ਕਿ ਅਮਰੀਕਾ ਦੀ ਪਿਟਸਬਰਗ ਯੂਨੀਵਰਸਿਟੀ ਵਿਚ ਪੜ੍ਹਦੀ 20 ਸਾਲਾ ਭਾਰਤੀ ਵਿਦਿਆਰਥਣ ਸੁਦੀਕਸ਼ਾ ਕੋਨਾਨਕੀ ਦੀ ਡੋਮਿਨੀਕਨ ਰਿਪਬਲਿਕ ‘ਚ ਸਮੁੰਦਰ ਦੀਆਂ ਲਹਿਰਾਂ ਵਿਚ ਫੱਸ ਕੇ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ। ਕੋਨਾਨਕੀ ਜੋ ਆਪਣੀਆਂ 5 ਸਹੇਲੀਆਂ ਨਾਲ ਡੋਮਿਨੀਕਨ ਰਿਪਬਲਿਕ ਵਿਚ ਛੁੱਟੀਆਂ ਮਨਾਉਣ ਗਈ ਸੀ, ਨੂੰ ਆਖਰੀ ਵਾਰ ਪੁੰਟਾ ਕਾਨਾ ਵਿਚ ਰਿਊ ਰਿਪਬਲਿਕਾ ਰਿਜ਼ਾਰਟ ਨੇੜੇ ਬੀਚ ਉਪਰ 6 ਮਾਰਚ ਨੂੰ ਸਵੇਰੇ 4.50 ਵਜੇ ਵੇਖਿਆ ਗਿਆ ਸੀ। ਨਿਊਯਾਰਕ ਪੋਸਟ ‘ਚ ਡੋਮਿਨੀਕਨ ਅਧਿਕਾਰੀਆਂ ਦੇ ਹਵਾਲੇ ਨਾਲ ਛਪੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਜ਼ੋਰਦਾਰ ਲਹਿਰ ਕੋਨਾਨਕੀ ਨੂੰ ਆਪਣੇ ਨਾਲ ਵਹਾ ਕੇ ਲੈ ਗਈ ਹੈ। ਜਾਂਚਕਾਰਾਂ ਨੇ ਉਸ ਦੇ ਕੱਪੜੇ ਬੀਚ ਉਪਰੋਂ ਬਰਾਮਦ ਕਰ ਲਏ ਹਨ। ਰਿਪੋਰਟ ਅਨੁਸਾਰ ਉੱਤਰੀ ਵਰਜੀਨੀਆ ਵਾਸੀ ਸੁਦੀਕਸ਼ਾ ਜੋ ਕਾਨੂੰਨੀ ਤੌਰ ‘ਤੇ ਅਮਰੀਕਾ ਦੀ ਸਥਾਈ ਵਸਨੀਕ ਹੈ, ਸਮੁੰਦਰ ਵਿਚ ਤੈਰ ਰਹੀ ਸੀ, ਜਦੋਂ ਇਕ ਜ਼ੋਰਦਾਰ ਲਹਿਰ ਉਸ ਨੂੰ ਵਹਾ ਕੇ ਲੈ ਗਈ ਤੇ ਉਸ ਤੋਂ ਬਾਅਦ ਉਸ ਦੀ ਕੋਈ ਉੱਗ-ਸੁੱਗ ਨਹੀਂ ਲੱਗੀ ਹੈ। ਉਸ ਨੂੰ ਲੱਭਣ ਲਈ ਵੱਡੀ ਪੱਧਰ ‘ਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਹੈਲੀਕਾਪਟਰਾਂ ਤੇ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ ਪਰੰਤੂ ਅਜੇ ਤੱਕ ਬਚਾਅ ਟੀਮਾਂ ਉਸ  ਨੂੰ ਲੱਭਣ ਵਿਚ ਅਸਫਲ ਰਹੀਆਂ ਹਨ। ਡੋਮਿਨੀਕਨ ਰਿਪਬਲਿਕ ਵਿਚਲਾ ਭਾਰਤੀ ਦੂਤਘਰ, ਵਿਦੇਸ਼ ਵਿਭਾਗ ਤੇ ਸਥਾਨਕ ਅਧਿਕਾਰੀ ਮਾਮਲੇ ਨੂੰ ਸੁਲਝਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ। ਯੂਨੀਵਰਸਿਟੀ ਆਫ ਪਿਟਸਬਰਗ ਕੋਨਾਨਕੀ ਦੇ ਪਰਿਵਾਰ ਨਾਲ ਸੰਪਰਕ ਵਿਚ ਹੈ।