ਜਲੰਧਰ, 24 ਅਕਤੂਬਰ (ਪੰਜਾਬ ਮੇਲ)- ਜੇਕਰ ਤੁਸੀਂ ਵੀ ਆਪਣਾ ਪਾਸਪੋਰਟ ਬਣਵਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਅਹਿਮ ਖ਼ਬਰ ਹੈ। ਦਰਅਸਲ ਜਲੰਧਰ ਖੇਤਰੀ ਪਾਸਪੋਰਟ ਦਫ਼ਤਰ 29 ਅਕਤੂਬਰ ਮੰਗਲਵਾਰ ਨੂੰ ਆਪਣੇ ਦਫ਼ਤਰ ਵਿਚ ‘ਪਾਸਪੋਰਟ ਮੇਲਾ’ ਆਯੋਜਿਤ ਕਰ ਰਿਹਾ ਹੈ। ਪਾਸਪੋਰਟ ਦਫ਼ਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੇਲਾ ਉਨ੍ਹਾਂ ਬਿਨੈਕਾਰਾਂ ਲਈ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਵਿਦੇਸ਼ ਵਿਚ ਭਾਰਤੀ ਮਿਸ਼ਨਾਂ/ਦੂਤਘਰਾਂ ਵੱਲੋਂ ਜਾਰੀ ਐਮਰਜੈਂਸੀ ਸਰਟੀਫਿਕੇਟਾਂ ‘ਤੇ ਭਾਰਤ ਦੀ ਯਾਤਰਾ ਕੀਤੀ ਹੈ ਜਾਂ ਡਿਪੋਰਟ ਹੋਏ ਹਨ, ਜਿਨ੍ਹਾਂ ਨੇ 31 ਮਾਰਚ 2024 ਤੱਕ ਪਾਸਪੋਰਟ ਲਈ ਪਹਿਲਾਂ ਹੀ ਅਪਲਾਈ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਅਰਜ਼ੀ ਕਿਸੇ ਨਾ ਕਿਸੇ ਕਾਰਨ ਆਰ.ਪੀ.ਓ. ਜਲੰਧਰ ਦੇ ਦਫ਼ਤਰ ਵਿਚ ਪੈਂਡਿੰਗ ਹੈ।
ਇਸ ਲਈ ਬਿਨੈਕਾਰਾਂ ਨੂੰ ਆਪਣੀਆਂ ਪੈਂਡਿੰਗ ਪਾਸਪੋਰਟ ਅਰਜ਼ੀਆਂ ਦੇ ਨਿਪਟਾਰੇ ਲਈ 29 ਅਕਤੂਬਰ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ‘ਚ ਆਪਣੇ ਸਬੰਧਤ ਦਸਤਾਵੇਜ਼ਾਂ ਨਾਲ ਆਉਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਦਫ਼ਤਰ ਵਿਚ ਇਸ ਦਿਨ ਆਫ਼ਲਾਈਨ ਅਤੇ ਆਨਲਾਈਨ ਪੁੱਛਗਿੱਛ ਬੰਦ ਰਹੇਗੀ, ਇਸ ਲਈ ਪਾਸਪੋਰਟ ਮੇਲੇ ਵਿਚ ਆਉਣ ਵਾਲੇ ਬਿਨੈਕਾਰਾਂ ਤੋਂ ਇਲਾਵਾ ਹੋਰ ਬਿਨੈਕਾਰਾਂ ਨੂੰ ਇਸ ਦਿਨ ਆਉਣ ਦੀ ਸਲਾਹ ਦਿੱਤੀ ਗਈ ਹੈ ਅਤੇ ਉਹ ਆਪਣੀ ਸਹੂਲਤ ਅਨੁਸਾਰ ਅੱਗੇ ਦੀਆਂ ਮਿਤੀਆਂ ਵਿਚ ਦਫ਼ਤਰ ਆ ਸਕਦੇ ਹਨ। ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਪਾਸਪੋਰਟ ਅਤੇ ਸਬੰਧਤ ਸੇਵਾਵਾਂ ਲਈ ਸਿੱਧਾ ਵਿਦੇਸ਼ ਮੰਤਰਾਲਾ ਦੇ ਅਧਿਕਾਰਤ ਪੋਰਟਲ ‘ਤੇ ਅਪਲਾਈ ਕਰਨ ਅਤੇ ਕਿਸੇ ਵੀ ਏਜੰਟ ਜਾਂ ਵਿਚੋਲੇ ਨਾਲ ਸੰਪਰਕ ਨਾ ਕਰਨ। ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਕਿਸੇ ਵੀ ਦਿਨ ਖੇਤਰੀ ਪਾਸਪੋਰਟ ਦਫ਼ਤਰ ਵਿਚ ਸਵੇਰੇ 9 ਤੋਂ ਦੁਪਹਿਰ 12.30 ਵਜੇ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।