ਸਰੀ, 1 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਸ਼ਾਇਰ ਪਾਲ ਢਿੱਲੋਂ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਜਗਦਾ ਰਹੀਂ ਵੇ ਦੀਵਿਆ’ ਰਿਲੀਜ਼ ਕਰਨ ਅਤੇ ਇਸ ਉਪਰ ਵਿਚਾਰ ਚਰਚਾ ਕਰਨ ਲਈ ਸਮਾਗਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਨਦੀਮ ਪਰਮਾਰ, ਜਰਨੈਲ ਸਿੰਘ ਆਰਟਿਸਟ, ਸ਼ਾਇਰ ਪਾਲ ਢਿੱਲੋਂ ਅਤੇ ਸ਼ਾਇਰ ਮੋਹਨ ਗਿੱਲ ਨੇ ਕੀਤੀ।
ਸ਼ਾਇਰ ਮੋਹਨ ਗਿੱਲ ਨੇ ਮੰਚ ਦਾ ਸੰਚਾਲਨ ਸੰਭਾਲਦਿਆਂ ਸਮਾਗਮ ਵਿਚ ਆਏ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ‘ਜੀ ਆਇਆਂ’ ਕਿਹਾ ਅਤੇ ਪਾਲ ਢਿੱਲੋਂ ਦੀ ਕਾਵਿ ਕਲਾ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਅੰਗਰੇਜ਼ ਬਰਾੜ, ਪ੍ਰੀਤ ਮਨਪ੍ਰੀਤ, ਡਾ. ਪ੍ਰਿਥੀਪਾਲ ਸਿੰਘ ਸੋਹੀ, ਨਦੀਮ ਪਰਮਾਰ, ਡਾ. ਹਰਜੋਤ ਕੌਰ ਖਹਿਰਾ, ਕਵਿੰਦਰ ਚਾਂਦ, ਗੁਰਦਰਸ਼ਨ ਬਾਦਲ, ਇੰਦਰਜੀਤ ਧਾਮੀ, ਸਤੀਸ਼ ਗੁਲਾਟੀ ਨੇ ਪਾਲ ਢਿੱਲੋਂ ਦੇ ਗਜ਼ਲ ਸੰਗ੍ਰਹਿ ਬਾਰੇ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪਾਲ ਢਿੱਲੋਂ ਬਾਰੇ ਵਿਸ਼ੇਸ਼ ਚਾਨਣਾ ਪਾਇਆ।
ਪੁਸਤਕ ਬਾਰੇ ਦਵਿੰਦਰ ਗੌਤਮ, ਨਰਿੰਦਰ ਬਾਹੀਆ, ਅਮਰੀਕ ਪਲਾਹੀ, ਮਹਿੰਦਰਪਾਲ ਪਾਲ ਅਤੇ ਖੁਸ਼ਹਾਲ ਗਲੋਟੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਪਾਲ ਢਿੱਲੋਂ ਨੇ ਜਿੱਥੇ ਸਭਨਾਂ ਦਾ ਸੁਆਗਤ ਕੀਤਾ ਅਤੇ ਵਡਮੁੱਲੇ ਵਿਚਾਰ ਰੱਖਣ ਲਈ ਧੰਨਵਾਦ ਕੀਤਾ, ਉਥੇ ਉਸ ਨੇ ਆਪਣੇ ਪਰਿਵਾਰ ਦੇ ਅਗਲੀ ਪੀੜ੍ਹੀ ਦੇ ਬੱਚਿਆਂ ਵੱਲੋਂ ਸਮਾਗਮ ਵਿਚ ਸ਼ਾਮਲ ਹੋਣ ‘ਤੇ ਵਿਸ਼ੇਸ਼ ਖੁਸ਼ੀ ਪ੍ਰਗਟ ਕੀਤੀ। ਉਸ ਨੇ ਆਪਣੀ ਪੁਸਤਕ ਵਿਚੋਂ ਕੁਝ ਗ਼ਜ਼ਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਅੰਤ ਵਿਚ ਜਰਨੈਲ ਸਿੰਘ ਆਰਟਿਸਟ ਨੇ ਸਮਾਗਮ ਦੀ ਸਫਲਤਾ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਵੈਨਕੂਵਰ ਵਿਚਾਰ ਮੰਚ ਭਵਿੱਖ ਵਿਚ ਅਜਿਹੇ ਹੀ ਉੱਚ ਪੱਧਰ ਦੇ ਪ੍ਰੋਗਰਾਮ ਉਲੀਕ ਰਿਹਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਭਵਿੱਖ ਵਿਚ ਵੀ ਸਾਹਿਤ ਪ੍ਰੇਮੀਆਂ ਦਾ ਸਹਿਯੋਗ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ।