#OTHERS

ਪਾਕਿ ਸਰਕਾਰ ਹੁਣ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ’ਤੇ ਵਸੂਲੇਗੀ ਵਾਧੂ ਫੀਸ

-ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫੀਸ ’ਚ ਕੀਤਾ ਵਾਧਾ
ਇਸਲਾਮਾਬਾਦ, 16 ਨਵੰਬਰ (ਪੰਜਾਬ ਮੇਲ)-ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਹੁਣ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਵਾਧੂ ਫੀਸ ਵਸੂਲੇਗਾ। ਪਾਕਿਸਤਾਨ ਸਰਕਾਰ ਦੇ ਇਸ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ’ਚ ਵਾਧਾ ਹੋ ਗਿਆ ਹੈ। ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਵਿਦੇਸ਼ੀ ਸ਼ਰਧਾਲੂਆਂ ਨੂੰ ਹੁਣ ਪੰਜ ਡਾਲਰ ਦੀ ਟਿਕਟ ਖਰੀਦਣੀ ਪਵੇਗੀ। ਪਾਕਿਸਤਾਨ ਦੇ ਇਸ ਫੈਸਲੇ ’ਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਰਤਾਰਪੁਰ ਜਾਣ ਵਾਲੇ ਵਿਦੇਸ਼ੀ ਸ਼ਰਧਾਲੂਆਂ ਨੂੰ ਹੁਣ ਕਰਤਾਰਪੁਰ ਗੁਰਦੁਆਰੇ ਜਾਣ ਅਤੇ ਟਿਕਟ ਖਰੀਦਣ ਲਈ ਪੰਜ ਡਾਲਰ ਜਾਂ 1500 ਰੁਪਏ ਫੀਸ ਅਦਾ ਕਰਨੀ ਪਵੇਗੀ। ਪਾਕਿਸਤਾਨ ਪਹਿਲਾਂ ਹੀ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਜਾਣ ਲਈ ਭਾਰਤੀ ਸ਼ਰਧਾਲੂਆਂ ਤੋਂ 20 ਡਾਲਰ ਵਸੂਲ ਰਿਹਾ ਹੈ। ਹਾਲਾਂਕਿ ਇਸ ਕਦਮ ਨੂੰ ਪਾਕਿਸਤਾਨ ’ਤੇ ਆਰਥਿਕ ਦਬਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਦੇ ਨਵੇਂ ਫੈਸਲੇ ਨਾਲ ਇਕ ਵਾਰ ਫਿਰ ਪਾਕਿਸਤਾਨ ਦੀ ਨੀਅਤ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਧਾਰਮਿਕ ਭਾਵਨਾਵਾਂ ’ਤੇ ਫੀਸ ਲਗਾਏ ਜਾਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ’ਤੇ ਕਿਸੇ ਤਰ੍ਹਾਂ ਦਾ ਟੈਕਸ ਲਾਉਣਾ ਉਚਿਤ ਨਹੀਂ ਹੈ। ਕਰਤਾਰਪੁਰ ਲਾਂਘੇ ’ਤੇ ਪਾਕਿਸਤਾਨ ਵੱਲੋਂ ਲਗਾਏ ਗਏ ਕਿਸੇ ਵੀ ਤਰ੍ਹਾਂ ਦੇ ਦੋਸ਼ ਸੁਭਾਵਿਕ ਤੌਰ ’ਤੇ ਗਲਤ ਹਨ। ਟਿਕਟ ਵਿਚ 5 ਡਾਲਰ ਦੀ ਵਾਧੂ ਫੀਸ ਜੋੜਨਾ ਵੀ ਅਨੁਚਿਤ ਹੈ। ਹਾਲਾਂਕਿ ਇਹ ਸੱਚ ਹੈ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਰ ਰਿਹਾ ਹੈ, ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਸਮੇਤ ਧਾਰਮਿਕ ਯਾਤਰਾਵਾਂ ਲਈ ਸਰਵਿਸ ਟੈਕਸ ਵਸੂਲਣਾ ਸਿੱਖ ਪ੍ਰੰਪਰਾਵਾਂ ਅਤੇ ਮਾਨਤਾਵਾਂ ਦੇ ਵਿਰੁੱਧ ਹੈ।