ਲਾਹੌਰ, 11 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਇਕ ਅਦਾਲਤ ਨੇ 2023 ਦੇ ਦੰਗਿਆਂ ਸਬੰਧੀ ਕੇਸ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ 17 ਸਮਰਥਕਾਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਮਨਜ਼ੂਰ ਅਲੀ ਗਿੱਲ ਨੇ ਬੀਤੇ ਦਿਨੀਂ ਕੋਟ ਲਖਪਤ ਜੇਲ੍ਹ ਵਿਚ ਇਹ ਫੈਸਲਾ ਸੁਣਾਇਆ। ਇਹ ਮਾਮਲਾ 9 ਮਈ 2023 ਨੂੰ ਪਾਕਿਸਤਾਨੀ ਰੇਂਜਰਾਂ ਵੱਲੋਂ ਇਮਰਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹੋਏ ਪ੍ਰਦਰਸ਼ਨਾਂ ਨਾਲ ਸਬੰਧਤ ਹੈ, ਜਿਸ ਦੌਰਾਨ ਸ਼ਹਿਰ ਵਿਚ ਸੁਪਰੀਮ ਕੋਰਟ ਦੇ ਜੱਜ ਦੇ ਅਮਲੇ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਸੀ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਜਿਨ੍ਹਾਂ ਆਗੂਆਂ ਨੂੰ ਸਜ਼ਾ ਮਿਲੀ ਹੈ, ਉਨ੍ਹਾਂ ਵਿਚ ਪੰਜਾਬ ਦੀ ਸਾਬਕਾ ਮੰਤਰੀ ਯਾਸਮੀਨ ਰਾਸ਼ਿਦ ਅਤੇ ਮੀਆਂ ਮਹਿਮੂਦੁਰ ਰਾਸ਼ਿਦ, ਪੰਜਾਬ ਦੇ ਸਾਬਕਾ ਰਾਜਪਾਲ ਉਮਰ ਸਰਫਰਾਜ਼ ਚੀਮਾ ਅਤੇ ਸਾਬਕਾ ਸੈਨੇਟਰ ਏਜਾਜ਼ ਚੌਧਰੀ ਸ਼ਾਮਲ ਹਨ। ਇਸੇ ਮਾਮਲੇ ਵਿਚ ਸਾਬਕਾ ਫੌਜ ਮੁਖੀ ਆਸਿਫ ਨਵਾਜ਼ ਜੰਜੂਆ ਦੀ ਪੋਤੀ ਖਦੀਜਾ ਸ਼ਾਹ, ਜੋ ਫੈਸ਼ਨ ਡਿਜ਼ਾਈਨਰ ਹੈ, ਨੂੰ ਵੀ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਦੇ ਇਕ ਅਧਿਕਾਰੀ ਦੇ ਅਨੁਸਾਰ ਇਸ ਮਾਮਲੇ ਵਿਚ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸਮੇਤ 20 ਹੋਰਾਂ ਨੂੰ ਬਰੀ ਕਰ ਦਿੱਤਾ ਗਿਆ ਹੈ।
ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ 17 ਸਮਰਥਕਾਂ ਨੂੰ 10-10 ਸਾਲ ਕੈਦ ਦੀ ਸਜ਼ਾ
