-ਖ਼ੈਬਰ ਸਰਕਾਰ ਨੇ ਗੁਰਪਾਲ ਨੂੰ ਹੀ ਬਣਾਇਆ ਸਿੱਖ ਮੈਰਿਜ ਸਰਟੀਫਿਕੇਟ ਰਜਿਸਟਰਾਰ
ਅੰਮ੍ਰਿਤਸਰ, 21 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ‘ਚ ਪਹਿਲੀ ਵਾਰ ਕਿਸੇ ਸਿੱਖ ਨੂੰ ਆਨੰਦ ਕਾਰਜ ਐਕਟ ‘ਚ ‘ਸਿੱਖ ਮੈਰਿਜ ਸਰਟੀਫਿਕੇਟ’ ਪ੍ਰਦਾਨ ਕੀਤਾ ਗਿਆ। ਖ਼ੈਬਰ ਪਖ਼ਤੂਨਖਵਾ ਸੂਬਾ ਸਰਕਾਰ ਤੋਂ ਮਾਨਤਾ ਹਾਸਲ ਇਹ ਪਹਿਲਾ ਸਰਟੀਫਿਕੇਟ ਪਿਸ਼ਾਵਰ ਸ਼ਹਿਰ ਦੇ ਨਿਵਾਸੀ ਗੁਰਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਮੀਤ ਕੌਰ ਨੂੰ ਨੇਬਰਹੁਡ ਕੌਂਸਲ ਟਾਊਨ ਵਨ ਦੇ ਅਧਿਕਾਰੀ ਉਬੈਦੁਰ ਰਹਿਮਾਨ ਨੇ ਸੌਂਪਿਆ। ਇਸ ਸਰਟੀਫਿਕੇਟ ‘ਤੇ ਬਾਰਕੋਡ ਵੀ ਲਾਇਆ ਗਿਆ ਹੈ। ਸਿੱਖ ਆਨੰਦ ਕਾਰਜ ਮੈਰਿਜ ਬਿੱਲ ਪਾਸ ਕਰਵਾਉਣ ਲਈ ਗੁਰਪਾਲ ਸਿੰਘ ਨੇ ਕਾਫ਼ੀ ਸੰਘਰਸ਼ ਕੀਤਾ ਸੀ।
ਗੁਰਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਪਿਸ਼ਾਵਰੀ ਸਿੱਖਾਂ ਨੂੰ ਵਿਆਹ ਦੇ ਸਰਟੀਫਿਕੇਟ ਦੇ ਰੂਪ ‘ਚ ਗੁਰਦੁਆਰਾ ਸਾਹਿਬਾਨ ਵੱਲੋਂ ਗੁਰਮੁਖੀ ‘ਚ ਤਿਆਰ ਕੀਤਾ ਗਿਆ ‘ਨਿਕਾਹਨਾਮਾ’ ਦਿੱਤਾ ਜਾਂਦਾ ਸੀ, ਜਿਸ ਨੂੰ ਕਾਨੂੰਨੀ ਮਾਨਤਾ ਹਾਸਲ ਨਹੀਂ ਸੀ। ਹੁਣ ਨਵੇਂ ਵਿਆਹੇ ਸਿੱਖ ਆਸਾਨੀ ਨਾਲ ਸਿੱਖ ਮੈਰਿਜ ਸਰਟੀਫਿਕੇਟ ਹਾਸਲ ਕਰ ਸਕਣਗੇ। ਗੁਰਪਾਲ ਸਿੰਘ ਨੇ ਦੱਸਿਆ ਕਿ ਖ਼ੈਬਰ ‘ਚ ਸਿੱਖਾਂ ਦੀ ਜਨਸੰਖਿਆ ਛੇ ਹਜ਼ਾਰ ਤੋਂ ਵੱਧ ਹੈ। ਉਨ੍ਹਾਂ ਦੀ ਤਰਜੀਹ ਹੋਰ ਸੂਬਿਆਂ ‘ਚ ਵੀ ਸਿੱਖ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਜਲਦ ਲਾਗੂ ਕਰਵਾਉਣ ਦੀ ਰਹੇਗੀ।
ਪਾਕਿ ‘ਚ ਪਹਿਲੀ ਵਾਰ ਸਿੱਖ ਨੂੰ ਮਿਲਿਆ ਆਨੰਦ ਕਾਰਜ ਰਜਿਸਟ੍ਰੇਸ਼ਨ ਸਰਟੀਫਿਕੇਟ
