#EUROPE

ਪਾਕਿਸਤਾਨ ਵੱਲੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਅੰਦਰ ਆਸਥਾ ਦੇ ਨਾਂ ‘ਤੇ ਵੱਡੀ ਲੁੱਟ

ਲੰਡਨ, 25 ਦਸੰਬਰ (ਪੰਜਾਬ ਮੇਲ)- ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਵਲੋਂ ਸਿੱਖਾਂ ਦੀ ਆਸਥਾ ਦੇ ਨਾਮ ‘ਤੇ ਵੱਡੀ ਲੁੱਟ ਕਰਨ ਦਾ ਸਮਾਚਾਰ ਹੈ। ਇਸ ਕਾਰਨ ਵਿਦੇਸ਼ੀ ਸਿੱਖਾਂ ਵਿਚ ਭਾਰੀ ਰੋਸ ਹੈ। ਲੰਡਨ ਤੋਂ ਪਾਕਿਸਤਾਨ, ਚੜਦੇ ਪੰਜਾਬ, ਦਿੱਲੀ ਭਾਰਤ ਦੀ ਯਾਤਰਾ ਕਰਕੇ ਆਏ ਨੋਜਵਾਨਾਂ ਨੇ ਆਪਣੇ ਅਨੁਭਵ ਦੱਸਦਿਆ ਕਿਹਾ ਕਿ ਔਕਾਫ਼ ਬੋਰਡ ਦੇ ਭ੍ਰਿਸ਼ਟ ਅਧਿਕਾਰੀ ਗੁਰਦੁਆਰਾ ਜਨਮ ਅਸਥਾਨ ਸਮੇਤ ਭਾਰਤ ਪਾਕਿਸਤਾਨ ਵਿਚਕਾਰ ਬਣੇ ਸ਼ਾਂਤੀ ਦੇ ਲਾਂਘੇ ਵਿਚ ਮਨਮਰਜ਼ੀ ਕਰਦੇ ਆਮ ਵੇਖੇ ਗਏ। ਯਾਤਰਾ ਵਿਚ ਗਏ ਬੁਜਰਗਾਂ, ਔਰਤਾਂ ਨੂੰ ਪਹਿਲੀ ਦੂਜੀ ਮੰਜਿਲ ‘ਤੇ ਕਮਰੇ ਦਿੱਤੇ ਜਾਂਦੇ ਹਨ, ਜਦੋਂਕਿ ਬਾਕੀ ਯਾਤਰੀ ਕਮਰਿਆਂ ਦੀ ਵੰਡ ਵਿਚ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਮੁੱਖ ਮੰਤਰੀ, ਫੌਜ ਦੇ ਅਫਸਰ, ਔਕਾਫ ਬੋਰਡ ਦਾ ਕੋਟੇ ਵਿਚ ਕਮਰੇ ਦਿੱਤੇ ਜਾਂਦੇ ਹਨ, ਜਦੋਂਕਿ ਕੁਝ ਕੁ ਖਾਸ ਮੈਂਬਰ ਆਪਣੇ ਕੋਟੇ ਦੇ ਕਮਰਿਆਂ ਦਾ ਹੋਟਲ ਦੇ ਕਮਰਿਆਂ ਵਾਂਗ ਕਿਰਾਇਆ ਵਸੂਲਣ ਦੇ ਚਰਚੇ ਯਾਤਰਾ ਦੌਰਾਨ ਹੁੰਦੇ ਰਹਿੰਦੇ ਹਨ ਪਰ ਉਹ ਵੀ ਛੋਟੀ ਮੋਟੀ ਜਾਂਚ ‘ਤੇ ਗੁਰਪੂਰਬ ਦੀ ਸਮਾਪਤੀ ਤੋਂ ਬਾਦ ਗੱਲ ਖਤਮ ਕਰ ਦਿੱਤੀ ਜਾਂਦੀ ਹੈ। ਪਾਕਿਸਤਾਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਪਹਿਚਾਣ ਬਣਾਉਣ ਵਿਚ ਅਸਫਲ ਰਹੀ। ਉਹ ਵੀ ਬਿਕਰਮੀ ਤੇ ਮੂਲ ਨਾਨਕਸਾਹੀ ਕੈਲੰਡਰ ਵਿਚ ਸਿੱਖਾਂ ਨੂੰ ਵੰਡਣ ਦਾ ਕੰਮ ਕਰ ਸਿੱਖ ਇਤਿਹਾਸ ਨੂੰ ਖਤਮ ਕਰਨ ਵਿਚ ਵੱਡੀ ਭੂਮਿਕਾ ਨਿਭਾਅ ਰਹੀ ਹੈ।
ਯਾਤਰੀਆਂ ਨੇ ਕਿਹਾ ਕਿ ਸਿੱਖਾਂ ਤੋਂ ਵਿਛੜੇ ਗੁਰੂਧਾਮਾਂ ਦੇ ਦਰਸ਼ਨ ਦੀਦਾਰ ਲਈ ਨਿੱਤ ਪ੍ਰਤੀ ਦਿਨ ਅਰਦਾਸ ਕੀਤੀ ਜਾਂਦੀ ਹੈ ਪਰੰਤੂ ਕਰਤਾਰਪੁਰ ਸਾਹਿਬ ਦੇ ਅੰਦਰ ਜਾ ਕੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਲਈ ਪਾਕਿਸਤਾਨ ਸਰਕਾਰ ਨੇ ਗੁਰਦੁਆਰੇ ਦੀ ਦੇਖਭਾਲ ਦੇ ਨਾਮ ‘ਤੇ ਹਰ ਵਿਅਕਤੀ ਤੋਂ ਪੰਦਰਾਂ ਸੌ ਰੁਪਏ ਵਸੂਲੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਤੋਂ ਆਉਣ ਵਾਲਿਆਂ ਤੋਂ ਲਾਂਘੇ ਦੇ 15 ਸੌ ਰੁਪਏ ਵਸੂਲੇ ਜਾਂਦੇ ਹਨ ਤੇ ਵਿਦੇਸ਼ੀ ਧਰਤੀ ਤੋਂ ਆਉਣ ਵਾਲੇ ਯਾਤਰੀਆਂ ਤੋਂ ਵੱਖ-ਵੱਖ ਦੇਸ਼ਾਂ ਦੀ ਵੀਜ਼ਾ ਫੀਸ ਤੋਂ ਇਲਾਵਾ 15 ਸੌ ਰੁਪਏ ਦਾ ਵਾਧੂ ਟੈਕਸ ਮੰਗਿਆ ਜਾ ਰਿਹਾ ਹੈ। ਜਿਸ ਕਾਰਨ ਵਿਦੇਸ਼ੀ ਸਿੱਖਾਂ ਵਿਚ ਭਾਰੀ ਰੋਸ ਹੈ। ਗੁਰਦੁਆਰੇ ਸਾਹਿਬ ਦੀ ਹਦੂਦ ਅੰਦਰ ਪਿੰਨੀਆਂ ਦਾ ਪਰਸ਼ਾਦ ਦੇਣ ਵਾਲੇ ਤੰਮਾਕੂ ਦਾ ਸੇਵਨ ਕਰਦੇ ਹਨ, ਜੋ ਜ਼ਿਆਦਾਤਰ ਦੂਜੇ ਧਰਮ ਦੇ ਲੋਕ ਹਨ, ਜੋ ਕਈ ਥਾਵਾਂ ‘ਤੇ ਟੋਪੀ ਪਾਉਂਦੇ ਹਨ ਜਾਂ ਨੰਗੇ ਸਿਰ ਘੁੰਮਦੇ ਵੇਖੇ ਜਾ ਸਕਦੇ ਹਨ।
ਯਾਤਰੀਆਂ ਨੇ ਕਿਹਾ ਕਿ ਆਪਣੇ ਧਾਰਮਿਕ ਅਸਥਾਨਾਂ ਦੇ ਅੰਦਰ ਜਾਣ ਲਈ ਆਈ ਕਾਰਡ ਪਾਉਣਾ ਪੈਂਦਾ ਹੈ, ਜਦੋਂਕਿ ਗੁਰਦੁਆਰੇ ਦੇ ਅੰਦਰ ਤੇ ਬਾਹਰ ਚਿੱਟੇ ਕੱਪੜਿਆਂ ‘ਚ ਪੁਲਿਸ ਹਰ ਇੱਕ ਵਿਅਕਤੀ ਨਾਲ ਤਸਵੀਰਾਂ ਖਿਚਵਾਉਂਦੀ ਫਿਰਦੀ ਹੈ। ਯਾਤਰੀਆਂ ਮੁਤਾਬਕ ਔਕਾਫ ਬੋਰਡ ਪਾਕਿਸਤਾਨ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਪਰ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਪੰਜਾਬ ਦੇ ਗੁਰਦੁਆਰਿਆਂ ਵਿਚ ਯਾਤਰੀਆਂ ਦੀ ਸਹੂਲਤ ਨਾਲ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇ ਆਧਾਰ ‘ਤੇ ਲਿਖਿਆ ਗਿਆ ਪਰੰਤੂ ਪਾਕਿਸਤਾਨ ਵਿਚ ਉਸ ਨੂੰ ਤੀਸਰਾ ਅਸਥਾਨ ਦਿੱਤਾ ਗਿਆ ਹੈ। ਪੰਦਰਾਂ ਸੌ ਰੁਪਏ ਯਾਤਰੀ ਟੈਕਸ ਸੰਬੰਧੀ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ‘ਚ ਦੱਸਿਆ ਕਿ ਪ੍ਰਬੰਧਕ ਕਮੇਟੀ ਨਾਂ ਦੀ ਕਮੇਟੀ ਹੈ ਪਰ ਹਰ ਕੰਮ ਔਕਾਫ਼ ਬੋਰਡ ਦੇ ਹੁਕਮਾਂ ਤੋਂ ਬਗੈਰ ਕੁਝ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਹਦੂਦ ਵਿਚ ਦਾਖਲ ਹੋਣ ਸੰਬੰਧੀ ਲੱਗੇ ਟੈਕਸ ਸੰਬੰਧੀ ਕਿਸੇ ਵੀ ਮੌਜੂਦਾ ਮੈਂਬਰ ਨੇ ਇਤਰਾਜ਼ ਨਹੀਂ ਕੀਤਾ ਅਤੇ ਨਾ ਹੀ ਵਿਦੇਸ਼ਾਂ ਤੋਂ ਜਥੇ ਲੈ ਕੇ ਆਉਂਦੇ ਜਥੇਦਾਰਾਂ ਨੇ ਇਸ ਸੰਬੰਧੀ ਕੋਈ ਇਤਰਾਜ਼ ਜਤਾਇਆ ਗਿਆ।
ਇਕ ਅੰਦਾਜ਼ੇ ਮੁਤਾਬਕ ਦੱਸ ਹਜ਼ਾਰ ਦੇ ਕਰੀਬ ਸੰਗਤਾਂ ਰੋਜ਼ਾਨਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਅਤੇ ਉਨ੍ਹਾਂ ਦੇ ਕੋਲੋਂ ਤਕਰੀਬਨ ਡੇਢ ਕਰੋੜ ਰੁਪਾਇਆ ਟੈਕਸ ਰਾਹੀਂ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਵੱਲੋਂ ਸ਼ਰਧਾ ਮੁਤਾਬਕ ਗੋਲਕ ਵਿਚ ਪਾਏ ਜਾਂਦੇ ਗੁਪਤ ਦਾਨ ਦੀ ਕੋਈ ਸੀਮਾ ਨਹੀਂ ਹੈ। ਵਿਦੇਸ਼ੀ ਯਾਤਰੀਆਂ ਨੇ ਔਕਾਫ਼ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਪੀਲ ਕਰਨ ਜੇ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਪਵਿੱਤਰਤਾ ਤੇ ਸੇਵਾ ਸੰਭਾਲ ਲਈ ਰੁਪਏ ਦੀ ਲੋੜ ਹੈ, ਤਾਂ ਸਮੁੱਚੀ ਸਿੱਖ ਕੌਮ ਪਾਕਿਸਤਾਨ ਵਿਚ ਰੁਪਾਇਆ ਦੇ ਢੇਰ ਲਾ ਦੇਵੇਗੀ।
ਜਿਕਰਯੋਗ ਹੈ ਕਿ ਗੁਰੂ ਨਾਨਕ ਗੁਰਪੂਰਬ ਸਮੇਂ ਪਾਕਿਸਤਾਨ ਸਰਕਾਰ ਨੇ ਭਾਰਤੀ ਯਾਤਰੀਆਂ ਸਮੇਤ ਇੰਗਲੈਂਡ, ਕੈਨੇਡਾ, ਯੂਰਪ ਆਸਟ੍ਰੇਲੀਆ ਦੇ ਸੈਂਕੜੇ ਸਿੱਖਾਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਗਈ, ਜਿਨ੍ਹਾਂ ਵਿਚ ਜ਼ਿਆਦਾ ਲੋਕ ਖਾਲਿਸਤਾਨ ਵਿਚਾਰਧਾਰਾ ਨਾਲ ਸੰਬੰਧਤ ਦੱਸੇ ਜਾਂਦੇ ਹਨ। ਯਾਤਰਾ ਵਿਚ ਗਏ ਅਫਗਾਨੀ ਸੰਗਤਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਦੀ ਜਾਨ ਮਾਲ ਨੂੰ ਭਾਰੀ ਖਤਰਾ ਹੈ। ਪੁਲਿਸ ਵੱਲੋਂ ਸਿੱਖਾਂ ਨੂੰ ਹਰ ਵਕਤ ਦਹਿਸ਼ਤਗਰਦ ਹਮਲਾ ਦੱਸ ਕੇ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਵੱਸਦੀ ਸਿੱਖ ਕੌਮ ਪਾਕਿ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਦਸਵੰਦ ਦੇਣ ਲਈ ਤਿਆਰ ਹੈ ਪਰੰਤੂ ਤੰਮਾਕੂ ਤੇ ਭ੍ਰਿਸ਼ਟ ਅਧਿਕਾਰੀ ਬਿਲਕੁਲ ਬਰਦਾਸ਼ਤ ਨਹੀਂ ਹਨ।