#OTHERS

ਪਾਕਿਸਤਾਨ ਨੇ ਭਾਰਤ ਨਾਲ 1999 ‘ਚ ਕੀਤੇ ਸਮਝੌਤੇ ਦੀ ਕੀਤੀ ਸੀ ਉਲੰਘਣਾ : ਨਵਾਜ਼ ਸ਼ਰੀਫ

ਲਾਹੌਰ, 28 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਮੰਨਿਆ ਕਿ ਇਸਲਾਮਾਬਾਦ ਨੇ 1999 ਵਿਚ ਉਨ੍ਹਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਹਸਤਾਖਰਾਂ ਹੇਠ ਭਾਰਤ ਨਾਲ ਕੀਤੇ ਸਮਝੌਤੇ ਦੀ ਉਲੰਘਣਾ ਕੀਤੀ ਸੀ। ਉਨ੍ਹਾਂ ਪੀ.ਐੱਮ.ਐੱਲ.-ਐੱਨ ਦੀ ਬੈਠਕ ‘ਚ ਕਾਰਗਿਲ ਵੇਲੇ ਜਨਰਲ ਪਰਵੇਜ਼ ਮੁਸ਼ੱਰਫ ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ, ‘ਪਾਕਿਸਤਾਨ ਨੇ 28 ਮਈ 1998 ਨੂੰ ਪੰਜ ਪਰਮਾਣੂ ਪ੍ਰੀਖਣ ਕੀਤੇ ਸਨ। ਉਸ ਤੋਂ ਬਾਅਦ ਵਾਜਪਾਈ ਇੱਥੇ ਆਏ ਅਤੇ ਇਸਲਾਮਾਬਾਦ ਨਾਲ ਸਮਝੌਤਾ ਕੀਤਾ ਪਰ ਅਸੀਂ ਉਸ ਸਮਝੌਤੇ ਦੀ ਉਲੰਘਣਾ ਕੀਤੀ… ਇਹ ਸਾਡੀ ਗਲਤੀ ਸੀ।’ ਜ਼ਿਕਰਯੋਗ ਹੈ ਕਿ ਸ਼ਰੀਫ ਅਤੇ ਵਾਜਪਾਈ ਨੇ ਇਤਿਹਾਸਕ ਸਿਖਰ ਵਾਰਤਾ ਤੋਂ ਬਾਅਦ 21 ਫਰਵਰੀ 1999 ਨੂੰ ਲਾਹੌਰ ਐਲਾਨਨਾਮੇ ‘ਤੇ ਦਸਤਖਤ ਕੀਤੇ ਸਨ, ਜਿਸ ਤਹਿਤ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਈ ਰੱਖਣ ‘ਤੇ ਜ਼ੋਰ ਦਿੱਤਾ ਗਿਆ ਸੀ ਪਰ ਕੁਝ ਮਹੀਨਿਆਂ ਬਾਅਦ ਜੰਮੂ-ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਵਿਚ ਪਾਕਿਸਤਾਨੀ ਘੁਸਪੈਠ ਕਾਰਨ ਕਾਰਗਿਲ ਯੁੱਧ ਸ਼ੁਰੂ ਹੋ ਗਿਆ।