#OTHERS

ਪਾਕਿਸਤਾਨ ਦੀਆਂ ਆਮ ਚੋਣਾਂ : ਬਿਲਾਵਲ ਭੁੱਟੋ ਵੱਲੋਂ ਲੋਕਾਂ ਨੂੰ ਪੀ.ਪੀ.ਪੀ. ਨੂੰ ਜੇਤੂ ਬਣਾਉਣ ਦੀ ਅਪੀਲ

ਇਸਲਾਮਾਬਾਦ, 15 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਚੇਅਰਮੈਨ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਲੋਕਾਂ ਨੂੰ ਆਪਣੀ ਪਾਰਟੀ ਦੇ ਚੋਣ ਨਿਸ਼ਾਨ ‘ਤੀਰ’ ‘ਤੇ ਮੋਹਰ ਲਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਦੇਸ਼ ‘ਨਵੀਂ ਸੋਚ’ ਨਾਲ ਅੱਗੇ ਵਧ ਸਕੇ। ਬਿਲਾਵਲ ਨੇ ਐਤਵਾਰ ਨੂੰ ਇਹ ਅਪੀਲ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਚੋਣ ਨਿਸ਼ਾਨ ‘ਬੱਲੇ’ ਨੂੰ ਲੈ ਕੇ ਅਦਾਲਤੀ ਲੜਾਈ ਹਾਰਨ ਤੋਂ ਇਕ ਦਿਨ ਬਾਅਦ ਕੀਤੀ। ਹਾਰ ਤੋਂ ਬਾਅਦ ਪੀ.ਟੀ.ਆਈ. ਦੇ ਉਮੀਦਵਾਰ ਆਜ਼ਾਦ ਵਜੋਂ ਚੋਣ ਲੜਨ ਲਈ ਮਜਬੂਰ ਹੋ ਗਏ ਹਨ। ਪਾਰਟੀ ਨੇ ਅਧਿਕਾਰਤ ਤੌਰ ‘ਤੇ ਜ਼ਰਦਾਰੀ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਅਨੁਸਾਰ ਪੀ.ਪੀ.ਪੀ. ਦੀ ਕੇਂਦਰੀ ਕਾਰਜਕਾਰਨੀ ਕਮੇਟੀ (ਸੀ.ਈ.ਸੀ.) ਨੇ ਬੁੱਧਵਾਰ ਨੂੰ ਆਮ ਚੋਣਾਂ ਲਈ ਪਾਰਟੀ ਦੀ ਮੁਹਿੰਮ ‘ਤੇ ਵਿਸਤ੍ਰਿਤ ਚਰਚਾ ਕੀਤੀ। ਮੀਟਿੰਗ ਵਿਚ ਪਾਰਟੀ ਦੇ ਚੋਣ ਮਨੋਰਥ ਪੱਤਰ ‘ਤੇ ਚਰਚਾ ਕੀਤੀ ਗਈ, ਜਿਸ ਵਿਚ ਨੌਜਵਾਨਾਂ, ਮਹਿਲਾ ਸਸ਼ਕਤੀਕਰਨ, ਰੁਜ਼ਗਾਰ, ਸਿਹਤ ਅਤੇ ਸਿੱਖਿਆ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਬਲੋਚਿਸਤਾਨ ਦੇ ਡੇਰਾ ਮੁਰਾਦ ਜਮਾਲੀ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਬਿਲਾਵਲ ਨੇ ਕਿਹਾ, ”ਹੁਣ ਸਿਰਫ਼ 2 ਪਾਰਟੀਆਂ ਬਚੀਆਂ ਹਨ। ਤੁਹਾਨੂੰ ਪੀ.ਪੀ.ਪੀ. ਅਤੇ ਪਾਕਿਸਤਾਨ ਮੁਸਲਿਮ ਲੀਗ-ਐੱਨ (ਪੀ.ਐੱਮ.ਐੱਲ.-ਐੱਨ.) ਵਿਚਕਾਰ ਫੈਸਲਾ ਕਰਨਾ ਹੋਵੇਗਾ।” ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਤੈਅ ਕਰਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੋਵੇਗਾ ਕਿ ਉਹ ਉਹੀ ਰਾਜਨੀਤੀ ਜਾਰੀ ਰੱਖਣਾ ਚਾਹੁੰਦੇ ਹਨ ਜਾਂ ‘ਨਵੀਂ ਸੋਚ’ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਪੀ.ਐੱਮ.ਐੱਲ.-ਐੱਨ. ਦੇ ਸੁਪਰੀਮੋ ਨਵਾਜ਼ ਸ਼ਰੀਫ਼ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, ”ਤੁਸੀਂ ਫ਼ੈਸਲਾ ਕਰਨਾ ਹੈ ਕਿ ਕੀ ਤੁਸੀਂ ਦੇਸ਼ ਦੀ ਕਿਸਮਤ ਅਜਿਹੇ ਵਿਅਕਤੀ ਨੂੰ ਸੌਂਪਣਾ ਚਾਹੁੰਦੇ ਹੋ, ਜੋ 3 ਵਾਰ ਪ੍ਰਧਾਨ ਮੰਤਰੀ ਰਿਹਾ ਪਰ ਦੇਸ਼ ਲਈ ਕੁਝ ਕਰਨ ਵਿਚ ਅਸਫਲ ਰਿਹਾ। ਜਾਂ ਤੁਸੀਂ ਅਜਿਹੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹੋ, ਜੋ ਦੇਸ਼ ਨੂੰ ਅੱਗੇ ਲਿਜਾਣ ਦੇ ਨਾਲ-ਨਾਲ ਸਭ ਨੂੰ ਨਾਲ ਲੈ ਕੇ ਚੱਲੇ? ਉਨ੍ਹਾਂ ਕਿਹਾ, ”8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿਚ ਕੋਈ ‘ਬੱਲਾ’ ਨਹੀਂ ਹੋਵੇਗਾ ਅਤੇ ਮੁਕਾਬਲਾ ਪੀ.ਐੱਮ.ਐੱਲ.-ਐੱਨ. ਅਤੇ ਪੀ.ਪੀ.ਪੀ. ਦੇ ਚੋਣ ਨਿਸ਼ਾਨ ‘ਟਾਈਗਰ’ ਅਤੇ ‘ਤੀਰ’ ਵਿਚਕਾਰ ਹੋਵੇਗਾ।’