-ਕਰਾਚੀ ਵੀ 9ਵੇਂ ਸਥਾਨ ‘ਤੇ
ਲਾਹੌਰ, 22 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਦਾ ਲਾਹੌਰ ਸ਼ਹਿਰ ਵਿਸ਼ਵ ਪੱਧਰ ‘ਤੇ ਪ੍ਰਦੂਸ਼ਣ ਦੇ ਮਾਮਲੇ ਵਿਚ ਸਿਖਰ ‘ਤੇ ਪਹੁੰਚ ਗਿਆ ਹੈ। ਸਵਿਸ ਏਅਰ ਕੁਆਲਿਟੀ ਮਾਨੀਟਰ ਦੀ ਰਿਪੋਰਟ ਅਨੁਸਾਰ ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ 450 ਤੋਂ ਪਾਰ ਦਰਜ ਕੀਤਾ ਗਿਆ ਹੈ, ਜਿਸ ਕਾਰਨ ਇਹ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ ‘ਡਾਨ’ ਮੁਤਾਬਕ, ਮੰਗਲਵਾਰ ਨੂੰ ਲਾਹੌਰ ਦਾ ਏ.ਕਿਊ.ਆਈ. 501 ਤੱਕ ਪਹੁੰਚ ਗਿਆ ਸੀ, ਜਦਕਿ ਕਰਾਚੀ ਵੀ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ 9ਵੇਂ ਸਥਾਨ ‘ਤੇ ਰਿਹਾ।
ਪਾਕਿਸਤਾਨ ਵਿਚ ਹਵਾ ਪ੍ਰਦੂਸ਼ਣ ਇਕ ਗੰਭੀਰ ਵਾਤਾਵਰਣ ਸੰਕਟ ਬਣ ਚੁੱਕਾ ਹੈ। ਸਰਦੀਆਂ ਦੇ ਮਹੀਨਿਆਂ ਵਿਚ ਲਾਹੌਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਮੋਗ ਦਾ ਮੁੱਖ ਕਾਰਨ ਉਦਯੋਗਿਕ ਨਿਕਾਸ, ਵਾਹਨਾਂ ਦਾ ਧੂੰਆਂ, ਪਰਾਲੀ ਨੂੰ ਅੱਗ ਲਗਾਉਣਾ ਅਤੇ ਹਵਾ ਦੀ ਮੱਠੀ ਚਾਲ ਹੈ। ਪਾਕਿਸਤਾਨੀ ਪੰਜਾਬ ਦੇ ਕਈ ਹੋਰ ਜ਼ਿਲ੍ਹੇ ਵੀ ਇਸ ਦੀ ਲਪੇਟ ਵਿਚ ਹਨ, ਜਿੱਥੇ ਮੁਜ਼ੱਫ਼ਰਗੜ੍ਹ (291), ਰਹੀਮ ਯਾਰ ਖਾਨ (279), ਗੁਜਰਾਤ (214) ਅਤੇ ਖਾਨੇਵਾਲ (204) ਵਿਚ ਹਵਾ ਦੀ ਗੁਣਵੱਤਾ ‘ਬਹੁਤ ਹੀ ਅਸਿਹਤਮੰਦ’ ਦਰਜ ਕੀਤੀ ਗਈ ਹੈ।
ਪੰਜਾਬ ਐਨਵਾਇਰਨਮੈਂਟ ਪ੍ਰੋਟੈਕਸ਼ਨ ਏਜੰਸੀ ਨੇ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲੋਕਾਂ ਲਈ ਵਿਸ਼ੇਸ਼ ਸਿਹਤ ਚਿਤਾਵਨੀ ਜਾਰੀ ਕੀਤੀ ਹੈ। ਸਰੋਤਾਂ ਅਨੁਸਾਰ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਾਹਰ ਜਾਣ ਦੀਆਂ ਗਤੀਵਿਧੀਆਂ ਨੂੰ ਘੱਟ ਕਰਨ, ਘਰਾਂ ਦੀਆਂ ਖਿੜਕੀਆਂ ਬੰਦ ਰੱਖਣ ਅਤੇ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ ਲਾਜ਼ਮੀ ਕਰਨ। ਇਸ ਤੋਂ ਇਲਾਵਾ, ਘਰਾਂ ਦੇ ਅੰਦਰ ਏਅਰ ਪਿਊਰੀਫਾਇਰ ਵਰਤਣ ਦੀ ਵੀ ਸਿਫਾਰਸ਼ ਕੀਤੀ ਗਈ ਹੈ, ਕਿਉਂਕਿ ਸਮੋਗ ਦੀ ਮੋਟੀ ਪਰਤ ਕਾਰਨ ਹਵਾ ‘ਖ਼ਤਰਨਾਕ’ ਪੱਧਰ ਤੱਕ ਪਹੁੰਚ ਚੁੱਕੀ ਹੈ।
ਪਾਕਿਸਤਾਨ ਦਾ ਲਾਹੌਰ ਸ਼ਹਿਰ ਵਿਸ਼ਵ ਪੱਧਰ ‘ਤੇ ਪ੍ਰਦੂਸ਼ਣ ਦੇ ਮਾਮਲੇ ‘ਚ ਸਿਖਰ ‘ਤੇ ਪਹੁੰਚਿਆ

