#OTHERS

ਪਾਕਿਸਤਾਨ ‘ਚ ਹੈਲੀਕਾਪਟਰ ਦਾ ਇੰਜਣ ਫੇਲ੍ਹ ਹੋਣ ਕਾਰਨ ਹਾਦਸਾਗ੍ਰਸਤ; 6 ਲੋਕਾਂ ਦੀ ਮੌਤ

ਪਿਸ਼ਾਵਰ, 28 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਸ਼ਨੀਵਾਰ ਨੂੰ ਇਕ ਹੈਲੀਕਾਪਟਰ ਇੰਜਣ ਫੇਲ੍ਹ ਹੋਣ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਅਫ਼ਗਾਨਿਸਤਾਨ ਦੀ ਸਰਹੱਦ ਦੇ ਨੇੜੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਵਿਚ 14 ਲੋਕ ਸਵਾਰ ਸਨ। ਇਕ ਤੇਲ ਕੰਪਨੀ ਦਾ ਇਕ ਵਿਸ਼ੇਸ਼ ਹੈਲੀਕਾਪਟਰ ਤਕਨੀਕੀ ਨੁਕਸ ਕਾਰਨ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ।
ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਹੈਲੀਕਾਪਟਰ ਮਰੀ ਪੈਟਰੋਲੀਅਮ ਕੰਪਨੀ ਦਾ ਸੀ। 8 ਜ਼ਖ਼ਮੀਆਂ ਵਿਚ ਤਿੰਨ ਰੂਸੀ ਪਾਇਲਟ ਸ਼ਾਮਲ ਹਨ, ਜਿਨ੍ਹਾਂ ਨੂੰ ਸੰਯੁਕਤ ਮਿਲਟਰੀ ਹਸਪਤਾਲ (ਸੀ.ਐੱਮ.ਐੱਚ.) ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਖੈਬਰ ਪਖਤੂਨਖਵਾ ਸੂਬੇ ਦੇ ਗਵਰਨਰ ਫੈਜ਼ਲ ਕਰੀਮ ਖੁੰਡੀ ਨੇ ਸਬੰਧਤ ਅਧਿਕਾਰੀਆਂ ਤੋਂ ਹੈਲੀਕਾਪਟਰ ਹਾਦਸੇ ਦੀ ਰਿਪੋਰਟ ਮੰਗੀ ਹੈ।