#OTHERS

ਪਾਕਿਸਤਾਨ ‘ਚ ਇਕ ਹੋਰ ਪੱਤਰਕਾਰ ਦੇ ਗੋਲੀ ਮਾਰ ਕੇ ਕਤਲ

-ਮਈ ਮਹੀਨੇ ‘ਚ ਕਿਸੇ ਪੱਤਰਕਾਰ ਦੀ ਦੂਜੀ ਟਾਰਗੇਟ ਕਿਲਿੰਗ ਤੇ ਸਾਲ 2024 ‘ਚ ਚੌਥੀ ਘਟਨਾ
ਗੁਰਦਾਸਪੁਰ, 20 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਜ਼ੱਫਰਗੜ੍ਹ ਇਲਾਕੇ ਵਿਚ ਮੇਹਰ ਅਸ਼ਫਾਕ ਸਿਆਲ ਨਾਮਕ ਪੱਤਰਕਾਰ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ‘ਚ ਉਹ ਜ਼ਖਮੀ ਹੋ ਗਿਆ ਸੀ, ਪਰ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਸਰਹੱਦ ਪਾਰ ਦੇ ਸੂਤਰਾਂ ਅਤੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ ਦੇ ਅਨੁਸਾਰ, ਸਿਆਲ, ਜੋ ਡੇਲੀ ਨਿਊਜ਼ ਲਈ ਕੰਮ ਕਰਦਾ ਸੀ, ਨੂੰ ਖੇਤਰ ਵਿਚ ਯਾਤਰਾ ਕਰਦੇ ਸਮੇਂ ਕਈ ਵਾਰ ਗੋਲੀ ਮਾਰੀ ਗਈ ਸੀ। ਆਈ.ਐੱਫ.ਜੇ. ਨੇ ਆਪਣੀ ਰਿਪੋਰਟ ਵਿਚ ਸਿਆਲ ਦੇ ਭਰਾ ਮੁਹੰਮਦ ਇਸਹਾਕ ਦੇ ਹਵਾਲੇ ਨਾਲ ਕਿਹਾ ਕਿ ਸਿਆਲ ‘ਤੇ ਉਸ ਸਮੇਂ ਹਮਲਾ ਹੋਇਆ, ਜਦੋਂ ਉਹ ਦੋਵੇਂ ਮੁਜ਼ੱਫਰਗੜ੍ਹ ਸ਼ਹਿਰ ਜਾ ਰਹੇ ਸਨ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਪੱਤਰਕਾਰ ਦੇ ਨੇੜੇ ਆ ਕੇ ਉਸ ਦਾ ਮੋਟਰਸਾਈਕਲ ਰੋਕ ਲਿਆ ਅਤੇ ਪੱਤਰਕਾਰ ਦੇ ਪੇਟ ਵਿਚ ਕਈ ਗੋਲੀਆਂ ਮਾਰੀਆਂ। ਮੁਹੰਮਦ ਇਸਹਾਕ ਨੇ ਇਹ ਵੀ ਦਾਅਵਾ ਕੀਤਾ ਕਿ ਹਮਲਾਵਰਾਂ ਨੇ ਭੱਜਣ ਤੋਂ ਪਹਿਲਾਂ ਹਵਾ ਵਿਚ ਕਈ ਗੋਲੀਆਂ ਚਲਾਈਆਂ। ਸੂਤਰਾਂ ਮੁਤਾਬਕ ਸਿਆਲ ਨੂੰ ਦੱਖਣੀ ਮੁਜ਼ੱਫਰਗੜ੍ਹ ਦੇ ਡੀ.ਐੱਚ.ਕਿਊ ਹਸਪਤਾਲ ਲਿਜਾਇਆ ਗਿਆ। ਰਿਪੋਰਟ ਮੁਤਾਬਕ ਸਿਆਲ ਨਾਲ ਇਹ ਘਟਨਾ ਮਈ ‘ਚ ਕਿਸੇ ਪੱਤਰਕਾਰ ਦੀ ਦੂਜੀ ਟਾਰਗੇਟ ਕਿਲਿੰਗ ਅਤੇ ਸਾਲ 2024 ‘ਚ ਚੌਥੀ ਘਟਨਾ ਹੈ। ਇਸ ਤੋਂ ਪਹਿਲਾਂ 3 ਮਈ ਨੂੰ ਮੁਹੰਮਦ ਸਿੱਦੀਕੀ ਮੈਂਗਲ ਦੀ ਅਣਪਛਾਤੇ ਵਿਅਕਤੀ ਵੱਲੋਂ ਕੀਤੇ ਧਮਾਕੇ ਵਿਚ ਮੌਤ ਹੋ ਗਈ ਸੀ। ਪੱਤਰਕਾਰ ਸਗੀਰ ਅਹਿਮਦ ਲਾਰ ਦੀ 14 ਮਾਰਚ ਨੂੰ ਪੰਜਾਬ ਵਿਚ ਇੱਕ ਫਾਰਮੇਸੀ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂਕਿ ਪਾਕਪਟਨ ਦੀ ਪੱਤਰਕਾਰ ਤਾਹਿਰਾ ਨੋਸ਼ੀਨ ਰਾਣਾ ਦੀ ਲਾਸ਼ 11 ਮਾਰਚ ਨੂੰ ਸੂਬੇ ਦੇ ਉੱਤਰ ਵਿਚ ਮਿਲੀ ਸੀ।
ਇਸ ਦੌਰਾਨ ਇਸਲਾਮਾਬਾਦ ਹਾਈ ਕੋਰਟ (ਆਈ.ਐੱਚ.ਸੀ.) ਦੇ ਜਸਟਿਸ ਮੋਹਸਿਨ ਅਖਤਰ ਕਿਆਨੀ ਨੇ ਕਸ਼ਮੀਰੀ ਕਵੀ ਅਤੇ ਪੱਤਰਕਾਰ ਅਹਿਮਦ ਫਰਹਾਦ ਸ਼ਾਹ ਦੇ ਅਗਵਾ ਵਿਚ ਰਾਜ ਦੀਆਂ ਖੁਫੀਆ ਏਜੰਸੀਆਂ ਦੀ ਕਥਿਤ ਭੂਮਿਕਾ ਬਾਰੇ ਰੱਖਿਆ ਸਕੱਤਰ ਤੋਂ ਰਿਪੋਰਟ ਮੰਗੀ ਹੈ। ਸ਼ਾਹ ਨੂੰ ਕਥਿਤ ਤੌਰ ‘ਤੇ ਉਨ੍ਹਾਂ ਦੇ ਘਰ ਤੋਂ ਅਗਵਾ ਕਰ ਲਿਆ ਗਿਆ ਸੀ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਅਧਿਕਾਰੀਆਂ ਤੋਂ ਉਸ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਉਸੇ ਦਿਨ, ਸ਼ਾਹ ਦੀ ਪਤਨੀ ਦੁਆਰਾ ਆਈ.ਐੱਚ.ਸੀ. ਵਿਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਬੇਨਤੀ ਕੀਤੀ ਗਈ ਸੀ ਕਿ ਉਸ ਨੂੰ ਲੱਭ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇ ਅਤੇ ਉਸ ਦੇ ਲਾਪਤਾ ਹੋਣ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾਵੇ ਤੇ ਜਾਂਚ ਕੀਤੀ ਜਾਵੇ ਅਤੇ ਮੁਕੱਦਮਾ ਚਲਾਇਆ ਜਾਵੇ।
ਜਸਟਿਸ ਕਿਆਨੀ ਨੇ ਅੱਗੇ ਟਿੱਪਣੀ ਕੀਤੀ ਕਿ ਸਾਲ ਵਿਚ ਹੁਣ ਤੱਕ ਦਰਜ ਕੀਤੇ ਗਏ ਲਾਪਤਾ ਵਿਅਕਤੀਆਂ ਦੇ ਕਿਸੇ ਵੀ ਕੇਸ ਦੀ ਜਾਂਚ ਪੂਰੀ ਨਹੀਂ ਹੋਈ ਹੈ।  ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਕੌਣ ਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਕਿੰਨਾ ਸ਼ਾਨਦਾਰ ਸਿਸਟਮ ਹੈ, ਇਕ ਲਾਪਤਾ ਵਿਅਕਤੀ ਵਾਪਸ ਆ ਕੇ ਕੁਝ ਨਹੀਂ ਕਹਿ ਸਕਦਾ। ਜਦੋਂ ਲਾਪਤਾ ਵਿਅਕਤੀ ਸਾਹਮਣੇ ਆਉਂਦਾ ਹੈ, ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਚੁੱਪ ਰਹਿਣ ਲਈ ਕਿਹਾ ਜਾਂਦਾ ਹੈ। ਜਸਟਿਸ ਕਿਆਨੀ ਨੇ ਕਿਹਾ ਕਿ ਜ਼ਬਰਦਸਤੀ ਲਾਪਤਾ ਹੋਣ ਵਿਰੁੱਧ ਕਾਨੂੰਨ ਹੋਣਾ ਚਾਹੀਦਾ ਹੈ ਅਤੇ ਇਸ ਪ੍ਰਥਾ ਵਿਚ ਸ਼ਾਮਲ ਲੋਕਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ।