#world

ਪਾਕਿਸਤਾਨ ’ਚ ਆਮ ਚੋਣਾਂ ਲਈ ਵੋਟਿੰਗ ਜਾਰੀ

ਇਸਲਾਮਾਬਾਦ, 8 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ’ਚ ਆਮ ਚੋਣਾਂ ਲਈ ਅੱਜ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ ਅਤੇ ਮੰਨਿਆ ਜਾ ਰਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਇਸ ਚੋਣ ’ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ, ਕਿਉਂਕਿ ਉਸ ਨੂੰ ਫੌਜ ਦਾ ਸਮਰਥਨ ਹਾਸਲ ਹੈ। ਵੋਟਿੰਗ ਸਵੇਰੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਨ੍ਹਾਂ ਚੋਣਾਂ ਵਿੱਚ ਦੇਸ਼ ਭਰ ਵਿੱਚ ਕੁੱਲ 12,85,85,760 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਅੱਜ ਦੇਸ਼ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਵੋਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜੇਲ੍ਹ ‘ਚ ਹੋਣ ਕਾਰਨ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ। ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਉਮੀਦਵਾਰ ਆਜ਼ਾਦ ਚੋਣ ਲੜ ਰਹੇ ਹਨ। ਆਮ ਚੋਣਾਂ ਲਈ ਲਗਪਗ 6,50,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਚੋਣ ਵਿੱਚ 12.85 ਕਰੋੜ ਤੋਂ ਵੱਧ ਰਜਿਸਟਰਡ ਵੋਟਰ ਵੋਟ ਪਾ ਸਕਣਗੇ।