#OTHERS

ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਬਣੇ ਉਪ ਪ੍ਰਧਾਨ ਮੰਤਰੀ

ਇਸਲਾਮਾਬਾਦ, 29 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੂੰ ਕੈਬਨਿਟ ਸਕੱਤਰੇਤ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਦੇਸ਼ ਦਾ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ। ਡਾਰ (73) ਇੱਕ ਚਾਰਟਰਡ ਅਕਾਊਂਟੈਂਟ ਅਤੇ ਇੱਕ ਅਨੁਭਵੀ ਸਿਆਸਤਦਾਨ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਪਾਰਟੀ ਨਾਲ ਸਬੰਧਤ ਹੈ। ਨੋਟੀਫਿਕੇਸ਼ਨ ਅਨੁਸਾਰ ਪ੍ਰਧਾਨ ਮੰਤਰੀ ਸ਼ਰੀਫ਼ ਵੱਲੋਂ ਇਹ ਨਿਯੁਕਤੀ ‘ਤੁਰੰਤ ਪ੍ਰਭਾਵ ਨਾਲ ਅਤੇ ਅਗਲੇ ਹੁਕਮਾਂ’ ਤੱਕ ਕੀਤੀ ਗਈ ਹੈ।
ਸ਼ਰੀਫ਼ ਪਰਿਵਾਰ ਦੇ ਕਰੀਬੀ ਸਹਿਯੋਗੀ ਡਾਰ ਪਿਛਲੀਆਂ ਦੋ ਸਰਕਾਰਾਂ ਦੌਰਾਨ ਵਿੱਤ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੂੰ ਪਿਛਲੇ ਮਹੀਨੇ ਸੰਸਦ ਦੇ ਉੱਚ ਸਦਨ ਸੈਨੇਟ ਦਾ ਚੇਅਰਮੈਨ ਬਣਾਏ ਜਾਣ ਦੀ ਸੰਭਾਵਨਾ ਸੀ ਪਰ ਪੀ.ਐੱਮ.ਐੱਲ.-ਐੱਨ. ਵੱਲੋਂ ਗੱਠਜੋੜ ਸਰਕਾਰ ਲਈ ਸਮਰਥਨ ਹਾਸਲ ਕਰਨ ਵਾਸਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨਾਲ ਸਮਝੌਤਾ ਕਰਨ ਮਗਰੋਂ ਉਹ ਦੌੜ ਤੋਂ ਪੱਛੜ ਗਏ। ਪਾਰਟੀ ਪੀ.ਪੀ.ਪੀ. ਨੂੰ ਪ੍ਰਧਾਨ ਅਤੇ ਸੈਨੇਟ ਚੇਅਰਮੈਨ ਦਾ ਅਹੁਦਾ ਦੇਣ ‘ਤੇ ਸਹਿਮਤ ਹੋ ਗਈ, ਜਿਸ ਕਾਰਨ ਡਾਰ ਕੋਲ ਸਰਕਾਰ ਵਿਚ ਕੋਈ ਹੋਰ ਭੂਮਿਕਾ ਲਈ ਸਮਝੌਤਾ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।