ਇਸਲਾਮਾਬਾਦ, 13 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ, ਜੋ ਪਿਛਲੇ ਸਾਲ 9 ਮਈ ਨੂੰ ਹੋਈ ਹਿੰਸਾ ਨਾਲ ਸਬੰਧਤ 12 ਮਾਮਲਿਆਂ ਵਿਚ ਜੇਲ੍ਹ ਵਿਚ ਬੰਦ ਹੈ। ਅੱਤਵਾਦ ਰੋਕੂ ਅਦਾਲਤ ਦੇ ਜੱਜ ਮਲਿਕ ਇਜਾਜ਼ ਆਸਿਫ ਨੇ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦੇ ਹੋਏ ਕਿਹਾ ਕਿ ਬੁਸ਼ਰਾ ਬੀਬੀ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਲੋੜ ਹੈ। ਜੱਜ ਨੇ ਮਾਮਲੇ ਦੀ ਜਾਂਚ ਸੱਤ ਦਿਨਾਂ ਵਿਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ।
ਪਿਛਲੇ ਸਾਲ 9 ਮਈ ਨੂੰ ਹੋਈ ਹਿੰਸਾ ਦੇ ਸ਼ੱਕੀ ਵਜੋਂ ਨਾਮਜ਼ਦ ਖਾਨ ਅਤੇ ਬੁਸ਼ਰਾ ਦਰਜਨਾਂ ਹੋਰ ਦੋਸ਼ੀਆਂ ਦੇ ਨਾਲ ਅਦਾਲਤ ‘ਚ ਮੌਜੂਦ ਸਨ। ਹਿੰਸਾ ਉਦੋਂ ਭੜਕ ਗਈ ਸੀ, ਜਦੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਵਿਚ ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ ਸੀ। ਅਦਾਲਤ ਨੇ ਬਾਅਦ ਵਿਚ 9 ਮਈ ਦੇ ਕੇਸਾਂ ਦੀ ਸੁਣਵਾਈ 22 ਅਗਸਤ ਤੱਕ ਮੁਲਤਵੀ ਕਰ ਦਿੱਤੀ। ਖਾਨ (71) ਕਈ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇੱਕ ਸਾਲ ਤੋਂ ਵੱਧ ਸਮੇਂ ਤੋਂ ਅਡਿਆਲਾ ਜੇਲ੍ਹ ਵਿਚ ਬੰਦ ਹੈ। ਉਸ ਦੀ ਪਤਨੀ ਬੁਸ਼ਰਾ (49) ਵੀ ਉਸ ਦੇ ਨਾਲ ਜੇਲ੍ਹ ਵਿਚ ਹੈ। ਖਾਨ ਖ਼ਿਲਾਫ਼ 200 ਤੋਂ ਜ਼ਿਆਦਾ ਮਾਮਲੇ ਦਰਜ ਹਨ ਅਤੇ ਉਨ੍ਹਾਂ ‘ਚੋਂ ਕੁਝ ‘ਚ ਉਹ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਜ਼ਮਾਨਤ ਮਿਲਣ ਤੋਂ ਬਾਅਦ ਵੀ ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਖਾਨ ਨੂੰ ਹੋਰ ਮਾਮਲਿਆਂ ਕਾਰਨ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਗਿਆ।