ਚੰਡੀਗੜ੍ਹ, 26 ਫਰਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ‘ਸਿਮ ਬਾਈਂਡਿੰਗ’ (SIM Binding) ਦੇ ਨਿਯਮਾਂ ਨੂੰ ਲਾਗੂ ਕਰਨ ਲਈ ਦਿੱਤੀ ਗਈ 28 ਫਰਵਰੀ ਦੀ ਆਖਰੀ ਤਾਰੀਖ਼ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਨਵੇਂ ਨਿਯਮਾਂ ਅਨੁਸਾਰ 1 ਮਾਰਚ ਤੋਂ ਤੁਹਾਡੇ ਮੋਬਾਈਲ ਵਿੱਚ ਉਹ ਸਿਮ ਕਾਰਡ ਹੋਣਾ ਲਾਜ਼ਮੀ ਹੋਵੇਗਾ ਜਿਸ ਨੰਬਰ ’ਤੇ ਤੁਹਾਡਾ ਵਟਸਐਪ ਜਾਂ ਹੋਰ ਐਪ ਚੱਲ ਰਿਹਾ ਹੈ। ਜੇਕਰ ਫ਼ੋਨ ਵਿੱਚ ਸਿਮ ਕਾਰਡ ਨਹੀਂ ਹੋਵੇਗਾ ਤਾਂ ਵਟਸਐਪ, ਟੈਲੀਗ੍ਰਾਮ, ਸਿਗਨਲ, ਸਨੈਪਚੈਟ, ਸ਼ੇਅਰਚੈਟ ਅਤੇ ਜੀਓਚੈਟ ਵਰਗੇ ਮੈਸੇਜਿੰਗ ਐਪਸ ਕੰਮ ਕਰਨਾ ਬੰਦ ਕਰ ਦੇਣਗੇ। ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਸਿਰਫ਼ ਵਾਈ-ਫਾਈ ਦੀ ਵਰਤੋਂ ਕਰਕੇ ਬਿਨਾਂ ਸਿਮ ਵਾਲੇ ਫ਼ੋਨ ’ਤੇ ਇਹ ਐਪਸ ਨਹੀਂ ਚਲਾ ਸਕੋਗੇ।
ਕੰਪਿਊਟਰ ਵਰਤੋਂਕਾਰਾਂ ਲਈ ਵੱਡਾ ਬਦਲਾਅ : ਨਵੇਂ ਨਿਯਮਾਂ ਦਾ ਅਸਰ ਕੰਪਿਊਟਰ ਜਾਂ ਲੈਪਟਾਪ ’ਤੇ ਵਟਸਐਪ ਵਰਤਣ ਵਾਲੇ ਲੋਕਾਂ ’ਤੇ ਵੀ ਪਵੇਗਾ। ਹੁਣ ਕੰਪਿਊਟਰ ’ਤੇ ਲਾਗਇਨ ਕੀਤਾ ਹੋਇਆ ਵਟਸਐਪ ਹਰ 6 ਘੰਟੇ ਬਾਅਦ ਆਪਣੇ ਆਪ ਲਾਗਆਊਟ (Logout) ਹੋ ਜਾਵੇਗਾ। ਇਸ ਤੋਂ ਬਾਅਦ ਵਰਤੋਂਕਾਰਾਂ ਨੂੰ ਮੁੜ ਕਿਊਆਰ (QR) ਕੋਡ ਸਕੈਨ ਕਰਕੇ ਲਾਗਇਨ ਕਰਨਾ ਪਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਸਾਈਬਰ ਅਪਰਾਧੀਆਂ ਅਤੇ ਧੋਖੇਬਾਜ਼ਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ ਅਤੇ ਲੋਕਾਂ ਦਾ ਡਾਟਾ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਰਹੇਗਾ। ਇਹ ਕਦਮ ਖ਼ਾਸ ਤੌਰ ’ਤੇ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਫ਼ਰਜ਼ੀ ਅਕਾਊਂਟਾਂ ’ਤੇ ਲਗਾਮ ਲਗਾਉਣ ਲਈ ਚੁੱਕਿਆ ਗਿਆ ਹੈ।

