#INDIA

ਪਹਿਲਵਾਨ ਸੱਦਣਗੇ ਮਹਾਪੰਚਾਇਤ: ਪੂਨੀਆ

ਗੋਹਾਨਾ, 5 ਜੂਨ (ਪੰਜਾਬ ਮੇਲ)- ਥਾਂ-ਥਾਂ ਹੋ ਰਹੀਆਂ ਪੰਚਾਇਤਾਂ ਦਰਮਿਆਨ ਅੱਜ ਮੁੰਡਲਾਨਾ ਮਹਾਪੰਚਾਇਤ ਵਿੱਚ ਬਜਰੰਗ ਪੂਨੀਆ ਨੇ ਐਲਾਨ ਕੀਤਾ ਕਿ ਪਹਿਲਵਾਨ ਛੇਤੀ ਹੀ ਮਹਾਪੰਚਾਇਤ ਸੱਦਣਗੇ। ਮਹਾਪੰਚਾਇਤ ਕਦੋਂ ਤੇ ਕਿੱਥੇ ਹੋਵੇਗੀ, ਇਸ ਬਾਰੇ ਛੇਤੀ ਹੀ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਮੁੰਡਲਾਨਾ ਮਹਾਪੰਚਾਇਤ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਅਤੇ ਵਿਸ਼ੇਸ਼ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਤੇ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜੈਯੰਤ ਚੌਧਰੀ ਨਾਲ ਭੀਮ ਆਰਮੀ ਦੇ ਪ੍ਰਧਾਨ ਚੰਦਰ ਸ਼ੇਖਰ ਪੁੱਜੇ। ਰਾਸ਼ਟਰੀ ਲੋਕ ਦਲ ਦੇ ਜੈਯੰਤ ਚੌਧਰੀ ਨਾਲ ਉਤਰ ਪ੍ਰਦੇਸ਼ ਤੋਂ ਉਨ੍ਹਾਂ ਦੀ ਪਾਰਟੀ ਦੇ 12 ਵਿਧਾਇਕ ਵੀ ਪਹੁੰਚੇ।

ਇਸ ਮੌਕੇ ਬਜਰੰਗ ਪੂਨੀਆ ਨੇ ਕਿਹਾ ਕਿ ਜਦੋਂ ਤੱਕ ਏਕਤਾ ਨਹੀਂ ਹੋਵੇਗੀ, ਉਦੋਂ ਤੱਕ ਜਿੱਤ ਸੰਭਵ ਨਹੀਂ। ਇਸ ਲਈ ਖਿਡਾਰੀਆਂ ਨੇ ਐਲਾਨ ਕੀਤਾ ਕਿ ਉਹ ਆਪਣੀ ਪੰਚਾਇਤ ਵਿੱਚ ਸਾਰਿਆਂ ਨੂੰ ਸੱਦਣਗੇ। ਪੂਨੀਆ ਨੇ ਮੁਆਫ਼ੀ ਮੰਗੀ ਕਿ ਖਿਡਾਰੀ ਕੂਰੁਕਸ਼ੇਤਰ ਦੀ ਪੰਚਾਇਤ ਵਿੱਚ ਨਹੀਂ ਪਹੁੰਚੇ। ਇਸ ਮੌਕੇ ਚੜੂਨੀ ਨੇ ਕਿਹਾ,‘ਜਿਸ ਤਰ੍ਹਾਂ ਸਾਨੂੰ ਸੰਸਦ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਅਤੇ ਪਹਿਲਵਾਨ ਧੀਆਂ ਨਾਲ ਸੜਕਾਂ ’ਤੇ ਖਿੱਚ-ਧੂਹ ਹੋਈ, ਅਸੀਂ ਇਹ ਮਨ ਬਣਾ ਕੇ ਆਏ ਸਨ ਕਿ ਮੁੰਡਲਾਨਾ ਮਹਾਪੰਚਾਇਤ ਵਿੱਚ ਫੈਸਲਾ ਇਹ ਕਰਾਂਗੇ ਕਿ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿਆਂਗੇ।’ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਪੰਚ ਵਾਂਗ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਚੋਣ ਸਿੱਧੀ ਹੋਣੀ ਚਾਹੀਦੀ ਹੈ। ਜਨਤਾ ਨੂੰ ਇਹ ਮੌਕਾ ਮਿਲਣਾ ਚਾਹੀਦਾ ਹੈ ਕਿ ਉਹ ਆਪਣੇ ਸੂਬੇ ਦੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦਾ ਫ਼ੈਸਲਾ ਖ਼ੁਦ ਕਰ ਸਕਣ। ਉਨ੍ਹਾਂ ਮੋਦੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਆਪਣੇ ਹਰਮਨਪਿਆਰੇ ਹੋਣ ਦਾ ਇੰਨਾ ਹੀ ਗਰੂਰ ਹੈ ਤਾਂ ਉਹ ਪ੍ਰਧਾਨ ਮੰਤਰੀ ਦੀ ਚੋਣ ਸਿੱਧੀ ਕਰਵਾ ਕੇ ਦੇਖ ਲੈਣ। ਉਨ੍ਹਾਂ ਦੇ ਮੁਕਾਬਲੇ ਵਿੱਚ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਖੜ੍ਹਾ ਕੀਤਾ ਜਾਵੇਗਾ। ਮਹਾਪੰਚਾਇਤ ਵਿੱਚ ਭੀਮ ਆਰਮੀ ਦੇ ਪ੍ਰਧਾਨ ਚੰਦਰਸ਼ੇਖਰ ਅਤੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਿਵੇਂ ਕਿਸਾਨਾਂ ਤੋਂ ਮੁਆਫ਼ੀ ਮੰਗੀ ਸੀ, ਉਸੇ ਤਰ੍ਹਾਂ ਉਹ ਛੇਤੀ ਹੀ ਪਹਿਲਵਾਨ ਧੀਆਂ ਤੋਂ ਵੀ ਮੰਗਣਗੇ। ਮਲਿਕ ਦਾ ਕਹਿਣਾ ਸੀ ਕਿ ਮੁਆਫ਼ੀ ਮੰਗ ਕੇ ਧੀਆਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਰਾਜਸਥਾਨ ਦੀਆਂ ਚੋਣਾਂ ਵਿੱਚ ਕੁੱਦਣਗੇ। ਉਨ੍ਹਾਂ ਅੰਦੋਲਨਕਾਰੀ ਪਹਿਲਵਾਨਾਂ ਤੋਂ ਵੀ ਉੱਥੇ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਰਾਜਸਥਾਨ ਚੋਣਾਂ ਹਾਰ ਗਈ ਤਾਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵੀ ਹਾਰ ਜਾਵੇਗੀ।

Leave a comment