ਵਾਸ਼ਿੰਗਟਨ, 24 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਿਚਲੇ ਆਪਣੇ ਨਾਗਰਿਕਾਂ ਲਈ ਇੱਕ ਸੋਧੀ ਹੋਈ ਸੇਧ/ਸਲਾਹ ਜਾਰੀ ਕੀਤੀ ਹੈ, ਜਿਸ ਵਿਚ ਅਮਰੀਕੀਆਂ ਨੂੰ ਜੰਮੂ-ਕਸ਼ਮੀਰ ਵਿਚ ਅਤੇ ਨਾਲ ਹੀ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਘੇਰੇ ‘ਚ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ।
ਇਹ ਅਪਡੇਟ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਸੀ, ਕਿਉਂਕਿ ਇਸ ਤੋਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਅੱਤਵਾਦੀਆਂ ਨੇ ਕਸ਼ਮੀਰ ਦੇ ਪਹਿਲਗਾਮ ਵਿਚ ਸੈਲਾਨੀਆਂ ‘ਤੇ ਗੋਲੀਬਾਰੀ ਕੀਤੀ ਸੀ। ਸਾਲ 2019 ਵਿਚ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿਚ ਹੋਏ ਇਸ ਸਭ ਤੋਂ ਘਾਤਕ ਹਮਲੇ ਵਿਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ।
ਅਮਰੀਕੀ ਨਾਗਰਿਕਾਂ ਲਈ ਅਮਰੀਕੀ ਵਿਦੇਸ਼ ਵਿਭਾਗ ਦੀ ਸੋਧੀ ਕੀਤੀ ਯਾਤਰਾ ਸਲਾਹ ਵਿਚ ਕਿਹਾ ਗਿਆ ਹੈ, ”ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਅੱਤਵਾਦੀ ਹਮਲੇ ਅਤੇ ਹਿੰਸਕ ਸਿਵਲ ਬਦਅਮਨੀ ਸੰਭਵ ਹੈ। ਇਸ ਰਾਜ ਦੀ ਯਾਤਰਾ ਨਾ ਕਰੋ (ਪੂਰਬੀ ਲੱਦਾਖ ਖੇਤਰ ਅਤੇ ਇਸ ਦੀ ਰਾਜਧਾਨੀ, ਲੇਹ ਦੇ ਦੌਰੇ ਨੂੰ ਛੱਡ ਕੇ)।
ਇਸ ਵਿਚ ਕਿਹਾ ਗਿਆ ਹੈ, ”ਇਸ ਖੇਤਰ ਵਿਚ ਛਿਟਪੁਟ ਹਿੰਸਾ ਹੁੰਦੀ ਰਹਿੰਦੀ ਹੈ ਅਤੇ ਭਾਰਤ-ਪਾਕਿਸਤਾਨ ਵਿਚਕਾਰ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ ਆਮ ਹੀ ਅਜਿਹਾ ਹੁੰਦਾ ਹੈ। ਅਜਿਹਾ ਕਸ਼ਮੀਰ ਘਾਟੀ ਦੇ ਸੈਰ-ਸਪਾਟਾ ਸਥਾਨਾਂ ਸ੍ਰੀਨਗਰ, ਗੁਲਮਰਗ ਅਤੇ ਪਹਿਲਗਾਮ ਆਦਿ ਵਿਖੇ ਵੀ ਹੁੰਦਾ ਹੈ।”
ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ‘ਹਥਿਆਰਬੰਦ ਟਕਰਾਅ ਦੇ ਖ਼ਦਸ਼ੇ ਕਾਰਨ’ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਘੇਰੇ ਦੇ ਅੰਦਰ ਜਾਣ ਤੋਂ ਵੀ ਬਚਣ ਲਈ ਕਿਹਾ ਹੈ। ਗ਼ੌਰਤਲਬ ਹੈ ਕਿ ਭਾਰਤ ਨੇ ਬੁੱਧਵਾਰ ਨੂੰ 1960 ਦੀ ਸਿੰਧ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਅਤੇ ਪਹਿਲਗਾਮ ਅੱਤਵਾਦੀ ਹਮਲੇ ਦੇ ਸਰਹੱਦ ਪਾਰ ਸਬੰਧਾਂ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਸਫ਼ਾਰਤੀ ਰਿਸ਼ਤਿਆਂ ਨੂੰ ਘਟਾਉਣ ਦਾ ਵੀ ਐਲਾਨ ਕੀਤਾ, ਜਿਸ ਵਿਚ ਗੁਆਂਢੀ ਮੁਲਕ ਦੇ ਫੌਜੀ ਅਟੈਚੀਆਂ ਨੂੰ ਭਾਰਤ ਵਿਚੋਂ ਕੱਢਣਾ ਵੀ ਸ਼ਾਮਲ ਹੈ।
ਪਹਿਲਗਾਮ ਹਮਲੇ ਪਿੱਛੋਂ ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਕਸ਼ਮੀਰ ਨਾ ਜਾਣ ਦੀ ਸਲਾਹ
