#PUNJAB

ਪਰਵਾਸੀ ਪੰਜਾਬੀ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਦੋਸ਼ ਹੇਠ 7 ਲੋਕਾਂ ਵਿਰੁੱਧ ਮਾਮਲਾ ਦਰਜ

ਮੋਗਾ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਮੁਕੱਦਮਾ ਦਰਜ
ਧਰਮਕੋਟ (ਮੋਗਾ), 19 ਸਤੰਬਰ (ਪੰਜਾਬ ਮੇਲ)- ਜ਼ਿਲ੍ਹਾ ਪੁਲਿਸ ਨੇ ਪਿੰਡ ਡਾਲਾ ਦੇ ਵਿਦੇਸ਼ ਰਹਿੰਦੇ ਪਰਵਾਸੀ ਭਾਰਤੀ ਦੀ ਪਿੰਡ ਵਿਚਲੀ ਜ਼ਮੀਨ ‘ਤੇ ਧੱਕੇ ਨਾਲ ਕਬਜ਼ਾ ਕਰਨ ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਪਿੰਡ ਦੇ ਹੀ 7 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਹ ਮਾਮਲਾ ਲੰਬੀ ਜਾਂਚ ਤੋਂ ਬਾਅਦ ਦਰਜ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਪਾਸ ਥਾਣਾ ਮਹਿਣਾ ਦੇ ਅਧੀਨ ਆਉਂਦੇ ਪਿੰਡ ਡਾਲਾ ਦੇ ਗਗਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਵਿਦੇਸ਼ ਰਹਿੰਦੇ ਪਰਵਾਸੀ ਪੰਜਾਬੀ ਪਿੰਡ ਵਾਸੀ ਬਲਵਿੰਦਰ ਸਿੰਘ ਦੀ ਜ਼ਮੀਨ ਅਤੇ ਘਰ ਦੀ ਦੇਖਭਾਲ ਕਰਨ ਲਈ ਕਾਨੂੰਨੀ ਤੌਰ ‘ਤੇ ਅਧਿਕਾਰਤ ਹੈ।
ਜੂਨ ਮਹੀਨੇ ਦੌਰਾਨ ਉਨ੍ਹਾਂ ਦੀ ਜ਼ਮੀਨ ਦੇ ਆਸ-ਪਾਸ ਵਾਲੇ ਪਿੰਡ ਦੇ ਕੁਝ ਲੋਕਾਂ ਨੇ ਉਨ੍ਹਾਂ ਦਾ ਨਿੱਜੀ ਦੋ ਕਰਮਾਂ ਦਾ ਕੱਚਾ ਰਸਤਾ ਆਪਸੀ ਮਸ਼ਵਰੇ ਨਾਲ ਆਪਣੀਆਂ ਜ਼ਮੀਨਾਂ ਵਿਚ ਮਿਲਾ ਲਿਆ ਹੈ। ਜਦੋਂ ਇਸ ਸਬੰਧੀ ਕਬਜ਼ਾਧਾਰਕਾਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੂੰ ਗਾਲੀ-ਗਲੋਚ ਕਰਦਿਆਂ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਮਾਮਲਾ ਵਿਦੇਸ਼ ਰਹਿੰਦੇ ਬਲਵਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਪਿੰਡ ਡਾਲਾ ਦੇ 7 ਵਿਅਕਤੀਆਂ ਮੰਗਲ ਸਿੰਘ, ਤਰਸੇਮ ਸਿੰਘ, ਜਸਵੀਰ ਸਿੰਘ, ਦਲਜੀਤ ਸਿੰਘ, ਬਲਰਾਜ ਸਿੰਘ ਅਤੇ ਜਗਦੀਪ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।