– ਸਹੁਰਿਆਂ ਦੇ ਖਰਚ ‘ਤੇ ਗਈ ਸੀ ਕੈਨੇਡਾ
-ਵਿਆਹੁਤਾ ਅਤੇ ਪਿਤਾ ਖ਼ਿਲਾਫ਼ 25 ਲੱਖ ਦੀ ਠੱਗੀ ਦੇ ਦੋਸ਼ਾਂ ਤਹਿਤ ਕੇਸ ਦਰਜ
ਲੰਬੀ, 11 ਫਰਵਰੀ (ਪੰਜਾਬ ਮੇਲ)-ਇਥੇ ਸਹੁਰਿਆਂ ਦੇ ਖਰਚ ‘ਤੇ ਕੈਨੇਡਾ ਗਈ ਵਿਆਹੁਤਾ ਅਤੇ ਉਸ ਦੇ ਪਿਤਾ ਖਿਲਾਫ਼ 25 ਲੱਖ ਰੁਪਏ ਦੀ ਠੱਗੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਵਿਆਹ ਮਗਰੋਂ ਲੜਕੀ ਨੇ ਪਤੀ ਨੂੰ ਕੈਨੇਡਾ ਬੁਲਾਉਣ ਦੀ ਥਾਂ ਤਲਾਕ ਦੇ ਸੰਮਨ ਭਿਜਵਾ ਦਿੱਤੇ। ਇਹ ਘਟਨਾ ਖੁਸ਼ਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਗੱਗੜ ਨਾਲ ਵਾਪਰੀ। ਉਚ ਅਧਿਕਾਰੀਆਂ ਵੱਲੋਂ ਪੜਤਾਲ ਉਪਰੰਤ ਪੀੜਤ ਖੁਸ਼ਦੀਪ ਦੀ ਸ਼ਿਕਾਇਤ ‘ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਜਸਲੀਨ ਕੌਰ ਅਤੇ ਉਸ ਦੇ ਪਿਤਾ ਲਛਮਣ ਸਿੰਘ ਵਾਸੀ ਵੰਨਵਾਲਾ (ਸਾਦੁਲਸ਼ਹਿਰ) ਰਾਜਸਥਾਨ ਨੂੰ ਨਾਮਜ਼ਦ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੀੜਤ ਖੁਸ਼ਦੀਪ ਸਿੰਘ ਅਤੇ ਜਸਲੀਨ ਕੌਰ ਦਾ 2018 ਵਿਚ ਰਿਸ਼ਤਾ ਹੋਇਆ ਸੀ। ਉਸ ਵੇਲੇ ਦੋਵਾਂ ਪਰਿਵਾਰਾਂ ਵਿਚਕਾਰ ਜ਼ੁਬਾਨੀ ਸਮਝੌਤਾ ਹੋਇਆ ਸੀ ਕਿ ਜਸਲੀਨ ਕੌਰ ਦੀ ਆਈਲੈੱਟਸ ਤੇ ਕੈਨੇਡਾ ਜਾਣ ਦਾ ਸਾਰਾ ਖਰਚਾ ਲੜਕਾ ਪਰਿਵਾਰ ਵੱਲੋਂ ਭਰਿਆ ਜਾਵੇਗਾ ਅਤੇ ਇਸ ਦੇ ਬਦਲੇ ਵਿਚ ਜਸਲੀਨ ਕੌਰ ਵਿਆਹ ਮਗਰੋਂ ਖੁਸ਼ਦੀਪ ਨੂੰ ਵੀ ਕੈਨੇਡਾ ਬੁਲਾ ਲਵੇਗੀ। ਸ਼ਿਕਾਇਤ ਧਿਰ ਦਾ ਦਾਅਵਾ ਹੈ ਕਿ ਉਸ ਨੇ ਜਸਲੀਨ ਕੌਰ ਤੇ ਉਸਦੇ ਪਿਤਾ ਲਛਮਣ ਸਿੰਘ ਦੇ ਬੈਂਕ ਖਾਤਿਆਂ ਵਿਚ ਕਰੀਬ 25 ਲੱਖ ਰੁਪਏ ਟਰਾਂਸਫਰ ਕੀਤੇ ਤੇ ਨਗਦ ਰਕਮ ਵੀ ਅਦਾ ਕੀਤੀ।
ਸਮਝੌਤੇ ਮੁਤਾਬਕ ਆਈਲੈੱਟਸ ਕਰਨ ਮਗਰੋਂ ਜਸਲੀਨ ਕੌਰ ਦਸੰਬਰ 2019 ਵਿਚ ਕੈਨੇਡਾ ਚਲੀ ਗਈ। ਫਿਰ 4 ਅਪ੍ਰੈਲ 2022 ਨੂੰ ਭਾਰਤ ਆ ਕੇ ਖੁਸ਼ਦੀਪ ਸਿੰਘ ਨਾਲ ਵਿਆਹ ਕਰਵਾਇਆ ਤੇ ਮਹੀਨੇ ਮਗਰੋਂ ਕੈਨੇਡਾ ਪਰਤ ਗਈ। ਇਸ ਦੌਰਾਨ ਜਦੋਂ ਖੁਸ਼ਦੀਪ ਨੇ ਪਾਸਪੋਰਟ ਬਣਨ ਉਪਰੰਤ ਕੈਨੇਡਾ ਦੀ ਫਾਈਲ ਲਗਾਉਣ ਲਈ ਕਿਹਾ ਤਾਂ ਜਸਲੀਨ ਕੌਰ ਟਾਲ-ਮਟੋਲ ਕਰਨ ਲੱਗੀ। ਮਗਰੋਂ ਜਸਲੀਨ ਨੇ ਅਕਤੂਬਰ 2025 ‘ਚ ਖੁਸ਼ਦੀਪ ਨੂੰ ਤਲਾਕ ਦੇ ਅਦਾਲਤੀ ਸੰਮਨ ਭਿਜਵਾ ਦਿੱਤੇ। ਦੂਜੇ ਪਾਸੇ ਪੁਲਿਸ ਪੜਤਾਲ ਦੌਰਾਨ ਜਸਲੀਨ ਕੌਰ ਦੇ ਪਿਤਾ ਲਛਮਣ ਸਿੰਘ ਨੇ ਬਿਆਨਾਂ ‘ਚ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਖੁਸ਼ਦੀਪ ਸਿੰਘ ਨੇ ਆਪਣੇ ਖਿਲਾਫ਼ ਦਰਜ ਪੁਰਾਣੇ ਪੁਲਿਸ ਕੇਸ ਬਾਰੇ ਜਾਣਕਾਰੀ ਲੁਕੋਈ ਸੀ, ਜਿਸ ਕਰਕੇ ਉਸ ਦਾ ਪਾਸਪੋਰਟ ਨਹੀਂ ਬਣ ਰਿਹਾ ਸੀ। ਹਾਲਾਂਕਿ ਪੁਲਿਸ ਪੜਤਾਲ ਦਾ ਤੱਥ ਹੈ ਕਿ ਖੁਸ਼ਦੀਪ ਸਿੰਘ ਫਰਵਰੀ 2025 ਵਿਚ ਹੀ ਉਸ ਕੇਸ ਵਿਚੋਂ ਬਰੀ ਹੋ ਚੁੱਕਾ ਸੀ ਅਤੇ ਉਸ ਦਾ ਪਾਸਪੋਰਟ ਵੀ ਬਣ ਗਿਆ ਸੀ।
ਥਾਣਾ ਲੰਬੀ ਦੇ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਉਚ ਅਧਿਕਾਰੀਆਂ ਦੀ ਪੜਤਾਲ ਉਪਰੰਤ ਜਸਲੀਨ ਕੌਰ ਤੇ ਲਛਮਣ ਸਿੰਘ ਉਰਫ਼ ਭੋਲਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਪਤਨੀ ਨੇ ਪਤੀ ਨੂੰ ਕੈਨੇਡਾ ਬੁਲਾਉਣ ਦੀ ਥਾਂ ਭੇਜਿਆ ਤਲਾਕ ਦਾ ਸੰਮਨ

