ਪਟਿਆਲਾ, 20 ਅਪ੍ਰੈਲ (ਪੰਜਾਬ ਮੇਲ)- ਸਾਰੀਆਂ ਹੀ ਮੁੱਖ ਸਿਆਸੀ ਧਿਰਾਂ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁਕੰਮਲ ਰੂਪ ‘ਚ ਚੋਣ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ। ਵੱਖ-ਵੱਖ ਪਾਰਟੀਆਂ ਦੇ ਇਹ ਸਾਰੇ ਛੇ ਉਮੀਦਵਾਰ ਚੋਣ ਪਿੜ ਦੇ ਪੁਰਾਣੇ ਖਿਡਾਰੀ ਹੋਣ ਕਰਕੇ ਵੋਟਰਾਂ ਨਾਲ ਮਿਲਵਰਤਣ ਪੱਖੋਂ ਚੰਗੀ ਮੁਹਾਰਤ ਰੱਖਦੇ ਹਨ ਕਿਉਂਕਿ ਇਹ ਸਾਰੇ ਹੀ ਪਹਿਲਾਂ ਵੀ ਵੱਖ-ਵੱਖ ਪੱਧਰ ਦੀਆਂ ਚੋਣਾਂ ਲੜ ਚੁੱਕੇ ਹਨ ਤੇ ਇਸ ਪੱਖ ਤੋਂ ਇਨ੍ਹਾਂ ਵਿਚੋਂ ਕੋਈ ਵੀ ਨਵਾਂ ਨਹੀਂ ਹੈ।
ਇਨ੍ਹਾਂ ਵਿਚੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਤਾਂ ਇਸ ਚੋਣ ਅਖਾੜੇ ਦੀ ਮਾਹਿਰ ਮੰਨਿਆ ਜਾ ਸਕਦਾ ਹੈ। ਉਹ ਛੇਵੀਂ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਪਹਿਲੀਆਂ ਪੰਜ ਚੋਣਾਂ ਵੀ ਉਨ੍ਹਾਂ ਨੇ ਇਸੇ ਸੀਟ ਤੋਂ ਲੜੀਆਂ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਲਈ ਚੋਣ ਪਿੜ ਪੁਰਾਣਾ ਹੀ ਹੈ। ਇਹ ਵੱਖਰੀ ਗੱਲ ਹੈ ਕਿ ਇਸ ਵਾਰ ਪਿੱਚ ਬਦਲੀ ਹੋਈ ਹੈ ਕਿਉਂਕਿ ਉਹ ਐਤਕੀਂ ਕਾਂਗਰਸ ਦੀ ਬਜਾਏ ਭਾਜਪਾ ਵੱਲੋਂ ਉਮੀਦਵਾਰ ਹਨ। ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਲਗਾਤਾਰ ਤੀਜੀ ਵਾਰ ਮੈਦਾਨ ‘ਚ ਹਨ। ਉਨ੍ਹਾਂ ਸਾਲ 2014 ਵਿਚ ਪ੍ਰਨੀਤ ਕੌਰ ਨੂੰ ਹਰਾਇਆ ਸੀ ਤੇ ਸਾਲ 2019 ‘ਚ ਪ੍ਰਨੀਤ ਕੌਰ ਤੋਂ ਹਾਰ ਗਏ ਸਨ। ਉਂਝ ਪ੍ਰਨੀਤ ਕੌਰ ਦੀ ਤਰ੍ਹਾਂ ਪਿੱਚ ਡਾ. ਗਾਂਧੀ ਲਈ ਵੀ ਇਸ ਵਾਰ ਬਦਲੀ ਹੋਈ ਹੈ ਕਿਉਂਕਿ ਉਹ ‘ਆਪ’ ਦੀ ਬਜਾਏ ਕਾਂਗਰਸ ਵੱਲੋਂ ਖੇਡ ਰਹੇ ਹਨ। ਉਧਰ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੀ ਵੀ ਇਹ ਤੀਜੀ ਚੋਣ ਹੈ। ਸਾਲ 2014 ‘ਚ ਤਾਂ ਡਾ. ਗਾਂਧੀ ਨੂੰ ਚੋਣ ਲੜਾਉਣ ‘ਚ ਵੀ ਉਨ੍ਹਾਂ ਦਾ ਵਧੇਰੇ ਹੱਥ ਰਿਹਾ ਹੈ। ਭਾਵੇਂ ਉਹ ਸਮਾਜ ਸੇਵਾ ਦੇ ਖੇਤਰ ਵਿਚੋਂ ਆਏ ਹਨ ਪਰ ਸਿਆਸੀ ਖੇਤਰ ਦਾ ਉਨ੍ਹਾਂ ਨੂੰ ਕਾਫੀ ਤਜਰਬਾ ਹੈ। ਸਾਲ 2022 ‘ਚ ਉਹ ਪਟਿਆਲਾ ਦਿਹਾਤੀ ਹਲਕੇ ਤੋਂ 50 ਹਜ਼ਾਰ ਵੋਟਾਂ ਨਾਲ ਜਿੱਤ ਕੇ ਵਿਧਾਇਕ ਤੇ ਫਿਰ ਸਿਹਤ ਮੰਤਰੀ ਬਣੇ ਹੋਏ ਹਨ। ਸਾਲ 2017 ‘ਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਲੜੀ ਸੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨ.ਕੇ. ਸ਼ਰਮਾ ਭਾਵੇਂ ਲੋਕ ਸਭਾ ਚੋਣ ਤਾਂ ਪਹਿਲੀ ਵਾਰ ਲੜ ਰਹੇ ਹਨ ਪਰ ਸਿਆਸੀ ਚੋਣ ਅਖਾੜੇ ਦੇ ਵੀ ਉਹ ਚੰਗੇ ਖਿਡਾਰੀ ਹਨ। ਡੇਰਾਬੱਸੀ ਤੋਂ ਤਿੰਨ ਵਾਰ ਵਿਧਾਨ ਸਭਾ ਦੀ ਚੋਣ ਲੜ ਕੇ ਦੋ ਵਾਰ ਵਿਧਾਇਕ ਵੀ ਬਣੇ ਹਨ। ਸਾਲ 2004 ‘ਚ ਉਨ੍ਹਾਂ ਆਪਣੇ ਸਿਆਸੀ ਗੁਰੂ ਕੈਪਟਨ ਕੰਵਲਜੀਤ ਸਿੰਘ ਦੀ ਪਟਿਆਲਾ ਲੋਕ ਸਭਾ ਹਲਕੇ ਦੀ ਹੀ ਚੋਣ ਨੂੰ ਵੀ ਬਹੁਤ ਨੇੜਿਉਂ ਵਾਚਿਆ ਸੀ। ਇਸ ਤਰ੍ਹਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰੋ. ਮਹਿੰਦਰਪਾਲ ਸਿੰਘ ਤਾਂ ਦੂਜੀ ਵਾਰ ਲੋਕ ਸਭਾ ਚੋਣ ਲਈ ਮੈਦਾਨ ‘ਚ ਹਨ। ਸਾਲ 2014 ਵਿਚ ਵੀ ਇਸੇ ਹੀ ਲੋਕ ਸਭਾ ਸੀਟ ਤੋਂ ਲੜੇ ਸਨ। ਉਹ ਸਮਾਣਾ ਅਤੇ ਪਟਿਆਲਾ ਦਿਹਾਤੀ ਹਲਕਿਆਂ ਤੋਂ ਦੋ ਵਾਰ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ। ਬਸਪਾ ਉਮੀਦਵਾਰ ਜਗਜੀਤ ਸਿੰਘ ਛੜਬੜ ਵੀ ਚੋਣ ਲੜਾਈ ਪੱਖੋਂ ਪਿੱਛੇ ਨਹੀਂ ਹਨ। ਉਨ੍ਹਾਂ ਨੇ ਵੀ ਬਸਪਾ ਵੱਲੋਂ ਹੀ ਰਾਜਪੁਰਾ ਅਤੇ ਘਨੌਰ ਤੋਂ ਵਿਧਾਨ ਸਭਾ ਚੋਣਾ ਲੜੀਆਂ ਹਨ। ਇਸ ਤਰ੍ਹਾਂ ਇਹ ਸਾਰੇ ਛੇ ਉਮੀਦਵਾਰ ਚੋਣ ਪਿੜ ਦੇ ਚੰਗੇ ਭੇਤੀ ਹਨ।