#PUNJAB

ਪਟਿਆਲਾ ਜੇਲ੍ਹ ’ਚ ਧਾਮੀ ਵੱਲੋਂ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ

ਪਟਿਆਲਾ, 28 ਨਵੰਬਰ (ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਇੱਥੇ ਕੇਂਦਰੀ ਜੇਲ੍ਹ ਵਿਖੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਰਾਜੋਆਣਾ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਕੀਤੀ ਰਹਿਮ ਦੀ ਅਪੀਲ ਵਾਪਸ ਕਰਵਾਉਣ ਲਈ ਬਜ਼ਿੱਦ ਰਹੇ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਪੰਜ ਦਸੰਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਜੇ ਚਾਰ ਦਸੰਬਰ ਤੱਕ ਇਹ ਪਟੀਸ਼ਨ ਵਾਪਸ ਨਾ ਲਈ ਤਾਂ ਉਹ ਪੰਜ ਦਸੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਸਬੰਧੀ ਰਾਜੋਆਣਾ ਨੂੰ 2007 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ,ਜਿਸ ਸਬੰਧੀ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਵਿੱਚ ਫਾਂਸੀ ਦੇਣ ਲਈ 30 ਮਾਰਚ 2012 ਦਾ ਦਿਨ ਮੁਕੱਰਰ ਕੀਤਾ ਗਿਆ ਸੀ ਪਰ ਰਾਜੋਆਣਾ ਫਾਂਸੀ ਦੀ ਸਜ਼ਾ ਰੁਕਵਾਉਣ ਲਈ ਖੁਦ ਕੋਈ ਵੀ ਕਾਨੂੰਨੀ ਚਾਰਾਜੋਈ ਕਰਨ ਤੋਂ ਇਨਕਾਰੀ ਰਹੇ। ਇਸ ਕਾਰਨ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਹਿਮ ਦੀ ਅਪੀਲ ਦਾਇਰ ਕੀਤੀ ਗਈ, ਜਿਸ ਸਬੰਧੀ ਹੀ ਫਾਂਸੀ ਤੋਂ ਦੋ ਦਿਨ ਪਹਿਲਾਂ ਰਾਸ਼ਟਰਪਤੀ ਵੱਲੋਂ ਫਾਂਸੀ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਗਈ ਸੀ। ਰਾਜੋਆਣਾ ਦਾ ਕਹਿਣਾ ਹੈ ਕਿ 12 ਸਾਲਾਂ ਤੋਂ ਉਸ ਦੀ ਇਸ ਪਟੀਸ਼ਨ ‘ਤੇ ਕੋਈ ਵੀ ਫੈਸਲਾ ਨਹੀਂ ਹੋਇਆ। ਉਹ ਤਿਲ ਤਿਲ ਕਰਕੇ ਮਰਨ ਦੀ ਬਜਾਏ ਫਾਂਸੀ ਦੇ ਫੰਦੇ ’ਤੇ ਚੜ੍ਹਨ ਲਈ ਤਿਆਰ ਹਨ। ਇਸੇ ਲਈ ਉਨ੍ਹਾਂ ਵੱਲੋਂ ਅਕਾਲ ਤਖ਼ਤ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕਰਨ ਕਿ ਉਹ ਰਹਿਮ ਦੀ ਅਪੀਲ ਸਬੰਧੀ ਪਟੀਸ਼ਨ ਵਾਪਸ ਲਵੇ। ਇਸ ਲਈ ਸ੍ਰੀ ਧਾਮੀ ਨੇ ਅੱਜ ਰਾਜੋਆਣਾ ਦੇ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਰਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ, ਜਸਮੇਰ ਸਿੰਘ ਲਾਛੜੂ ਤੇ ਹੋਰ ਵੀ ਮੌਜੂਦ ਸਨ।