#PUNJAB

ਨੌਜਵਾਨ ਭਾਰਤ ਸਭਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਜਿਲਾ ਪੱਧਰੀ ਕਨਵੈਨਸ਼ਨਾਂ ਕੀਤੀਆਂ

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਤੂੜੀ ਬਾਜਾਰ ਫਿਰੋਜ਼ਪੁਰ ਸਥਿਤ ਗੁਪਤ ਟਿਕਾਣੇ ਨੂੰ 23 ਮਾਰਚ ਨੂੰ ਆਜਾਦ ਕਰਵਾ ਕੇ ਖੁਦ ਸਾਭਾਂਗੇ
ਚੰਡੀਗੜ੍ਹ, 17 ਨਵੰਬਰ (ਦਲਜੀਤ ਕੌਰ/ਪੰਜਾਬ ਮੇਲ)- ਅੱਜ ਨੌਜਵਾਨ ਭਾਰਤ ਸਭਾ ਨੇ 16 ਨਵੰਬਰ 1915 ਵਿੱਚ ਬ੍ਰਿਟਿਸ਼ ਹਕੂਮਤ ਦੁਆਰਾ ਫਾਂਸੀ ਲਟਕਾ ਕੇ ਸ਼ਹੀਦ ਕੀਤੇ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰਸਿੰਘ, ਹਰਨਾਮ ਸਿੰਘ ਭੱਟੀ ਗੁਰਾਇਆ, ਸੁਰੈਣ ਸਿੰਘ ਗਿੱਲਵਾਲੀ, ਸੁਰੈਣ ਸਿੰਘ ਗਿੱਲਵਾਲੀ, ਬਖਸ਼ੀਸ਼ ਸਿੰਘ ਗਿੱਲਵਾਲੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਕਤਸਰ ਸਾਹਿਬ, ਮੋਗਾ, ਫਿਰੋਜ਼ਪੁਰ, ਪਟਿਆਲਾ ਵਿਖੇ ਜਿਲਾ ਪੱਧਰੀ ਕਨਵੈਨਸ਼ਨਾਂ ਕੀਤੀਆਂ। ਨੌਜਵਾਨ ਭਾਰਤ ਸਭਾ ਨੇ ਅੱਜ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਇਤਿਹਾਸਕ ਗੁਪਤ ਟਿਕਾਣੇ ਤੋਂ ਨਜਾਇਜ ਕਬਜਾ ਹਟਾ ਕੇ ਨਾ ਸਾਂਭਿਆ ਤਾਂ ਅਗਲੇ ਸਾਲ 23 ਮਾਰਚ ਵਾਲੇ ਦਿਨ ਨੌਜਵਾਨ ਭਾਰਤ ਸਭਾ ਖੁਦ ਨਜਾਇਜ ਕਬਜਾ ਛਡਾ ਕੇ ਟਿਕਾਣੇ ਨੂੰ ਆਪ ਸਾਂਭੇਗੀ ਜਿਸ ਦੀ ਅੱਜ ਤੋਂ ਹੀ ਪਿੰਡਾਂ ਵਿੱਚ ਤਿਆਰੀ ਵਿੱਢ ਦਿੱਤੀ ਗਈ ਹੈ। ਵੱਖ ਜ਼ਿਲਿਆਂ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਪਹੁੰਚੇ ਨਿਰਭੈ ਸਿੰਘ ਢੁੱਡੀਕੇ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਅਮਰ ਕ੍ਰਾਂਤੀ, ਹਰਦੀਪ ਸਿੰਘ ਟੋਡਰਪੁਰ ਆਦਿ ਆਗੂ ਪਹੁੰਚੇ ਜਿਨ੍ਹਾਂ ਨੇ ਗ਼ਦਰ ਪਾਰਟੀ ਦੇ ਇਤਿਹਾਸ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਮੌਜੂਦਾ ਸਮੇਂ ਵਿੱਚ ਗ਼ਦਰ ਪਾਰਟੀ ਦੀ ਸਾਰਥਿਕਤਾ ਤੇ ਆਪਣੇ ਵਿਚਾਰ ਰੱਖੇ।
ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਮੰਗਾ ਆਜਾਦ, ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਕਨਵੈਸ਼ਨਾਂ ਦਾ ਵਿਸ਼ਾ ਗਦਰ ਲਹਿਰ ਦਾ ਇਤਿਹਾਸ, ਸ਼ਹੀਦਾਂ ਦੀਆਂ ਰੁਲ ਰਹੀਆਂ ਇਤਿਹਾਸਿਕ ਯਾਦਗਾਰਾਂ, ਨਸ਼ਾ ਤੇ ਗੈਂਗਵਾਰ ਸੀ। ਆਗੂਆਂ ਨੇ ਕਿਹਾ ਕਿ ਇਤਿਹਾਸ ਦੇ ਪੰਨਿਆਂ ਵਿੱਚੋਂ ਬ੍ਰਿਟਿਸ਼ ਸਾਮਰਾਜ ਖਿਲਾਫ ਉਠੀ 20ਵੀਂ ਸਦੀ ਦੀ ਮਹਾਨ ਗਦਰ ਲਹਿਰ ਦੀ ਦੇਣ, ਇਸ ਦੀਆਂ ਕੁਰਬਾਨੀਆਂ ਅਣਗੌਲੇ ਹਨ। ਜੇਕਰ ਪਹਿਲੀ ਸੰਸਾਰ ਜੰਗ ਗਦਰੀਆਂ ਦੇ ਅੰਦਾਜ਼ੇ ਮੁਤਾਬਿਕ ਸਹੀ ਸਮੇਂ ਲੱਗ ਜਾਂਦੀ ਤਾਂ ਗਦਰ ਲਹਿਰ ਅਤੇ ਦੇਸ਼ ਦਾ ਇਤਿਹਾਸ ਤੇ ਸਮਾਜ ਕੁਝ ਹੋਰ ਹੋਣਾ ਸੀ। ਉਹਨਾਂ ਕਿਹਾ ਕਿ ਗਦਰ ਲਹਿਰ ਦਾ ਸਭ ਤੋਂ ਘੱਟ ਉਮਰ ਦਾ ਆਗੂ ਕਰਤਾਰ ਸਿੰਘ ਸਰਾਭਾ ਭਾਰਤ ਦਾ ਪਹਿਲਾ ਪਾਇਲਟ, ਪੱਤਰਕਾਰ ਵੀ ਸੀ, ਜਿਸ ਨੇ ਬਰਕਲੇ ਯੁਨੀਵਰਸਿਟੀ ਦੀ ਪੜਾਈ ਛੱਡ ਕੇ ਗਦਰ ਲਹਿਰ ਦਾ ਪੱਲਾ ਫੜਿਆ। ਉਹਨਾਂ ਕਿਹਾ ਕਿ 15 ਨਵੰਬਰ 1915 ਨੂੰ ਸ਼ਹੀਦ ਹੋਏ ਗਦਰੀਆਂ ਸਮੇਤ ਸੈਂਕੜੇ ਗਦਰੀ ਸਨ, ਜਿੰਨਾਂ ਨੇ ਅਮਰੀਕਾ ਦਾ ਕਾਰੋਬਾਰ, ਐਸ਼ੋ ਆਰਾਮ ਤਿਆਗ ਕੇ ਸਖਤ ਸਜਾਵਾਂ ਝੱਲੀਆਂ। ਉਹਨਾਂ ਕਿਹਾ ਕਿ ਗਦਰ ਪਾਰਟੀ ਤੋਂ 28 ਸਾਲ ਪਹਿਲਾਂ ਬਣੀ ਕਾਂਗਰਸ ਵੀ ਭਾਰਤ ਨੂੰ ਆਵਦਾ ਝੰਡਾ ਨਹੀਂ ਦੇ ਸਕੀ ਸੀ। ਸਿਰਫ ਗਦਰ ਪਾਰਟੀ ਸੀ ਜਿਸ ਨੇ ਭਾਰਤ ਨੂੰ ਪਹਿਲਾ ਝੰਡਾ ਦਿੱਤਾ, ਬ੍ਰਿਟਿਸ਼ ਹਕੂਮਤ ਤੋਂ ਹਥਿਆਰਾਂ ਦੇ ਜੋਰ ਸੱਤਾ ਖੋਹ ਕੇ ਦੇਸ਼ ਆਜਾਦ ਕਰਾਉਣ ਦਾ ਪ੍ਰੋਗਰਾਮ ਦਿੱਤਾ। ਅੱਜ ਜਵਾਨੀ ਨੂੰ ਗਦਰ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਗਦਰ ਪਾਰਟੀ ਦੇ ਐਲਾਨ ਨਾਮੇ ਮੁਤਾਬਿਕ ਕਿਸੇ ਵੀ ਧਰਮ, ਜਾਤ, ਫਿਰਕੇ, ਰੰਗ, ਨਸਲ, ਲਿੰਗ ਦਾ ਵਿਅਕਤੀ ਗਦਰ ਪਾਰਟੀ ਦਾ ਮੈਂਬਰ ਬਣ ਸਕਦਾ ਸੀ। ਧਰਮ, ਫਿਰਕੇ ਸਬੰਧੀ ਬਹਿਸ ਗਦਰ ਪਾਰਟੀ ਦੀਆਂ ਸਫਾਂ ਅੰਦਰ ਵਰਜਿਤ ਸੀ। ਨੌਜਵਾਨ ਭਾਰਤ ਸਭਾ ਦੇ ਸੂਬਾ ਵਿੱਚ ਸਕੱਤਰ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਦਵਿੰਦਰ ਸਿੰਘ ਛਬੀਲਪੁਰ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸ਼ਹੀਦਾਂ ਦੀਆਂ ਰੁਲ ਰਹੀਆਂ ਇਤਿਹਾਸਿਕ ਯਾਦਗਾਰਾਂ ਅਹਿਮ ਸਿਆਸੀ ਮੁੱਦਾ ਹੋਣਾ ਚਾਹੀਦਾ ਹੈ। ਪਰ ਪੰਜਾਬ ਦੀ ਜਵਾਨੀ ਨੂੰ ਨਸ਼ੇ, ਗੈਂਗਵਾਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਤੂੜੀ ਬਾਜਾਰ ਫਿਰੋਜ਼ਪੁਰ ਸਥਿਤ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਇਤਿਹਾਸਕ ਗੁਪਤ ਟਿਕਾਣਾ, ਕਰਤਾਰ ਸਿੰਘ ਸਰਾਭੇ ਦਾ ਘਰ, ਸ਼ਹੀਦ ਸੁਖਦੇਵ ਦਾ ਘਰ, ਮਦਨ ਲਾਲ ਢੀਂਗਰਾ ਦਾ ਘਰ ਰੋਲ ਰਿਹਾ ਹੈ। ਸਾਡੇ ਨਾਇਕ ਬਦਲੇ ਜਾ ਰਹੇ ਹਨ, ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤੂੜੀ ਬਾਜਾਰ ਫਿਰੋਜ਼ਪੁਰ ਸਥਿਤ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਇਤਿਹਾਸਕ ਗੁਪਤ ਟਿਕਾਣੇ ‘ਤੇ ਨਜਾਇਜ ਕਬਜਾ ਸਰਕਾਰ ਨਹੀਂ ਛਡਾ ਰਹੀ। ਜਿੱਥੇ ਭਗਤ ਸਿੰਘ, ਸੁਖਦੇਵ ਸਮੇਤ ਤਮਾਮ ਕ੍ਰਾਂਤੀਕਾਰੀ ਰਹਿੰਦੇ ਰਹੇ, ਭਗਤ ਸਿੰਘ ਦੇ ਦਾੜੀ ਤੇ ਕੇਸ ਉਥੇ ਕੱਟੇ ਗਏ, ਸਾਂਡਰਸ ਨੂੰ ਮਾਰਨ ਦੀ ਵਿਉਂਤ ਉਥੇ ਘੜੀ ਗਈ। ਜੇਕਰ ਸਰਕਾਰ ਨਹੀਂ ਸਾਂਭਦੀ ਤਾਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਨੌਜਵਾਨ ਭਾਰਤ ਸਭਾ ਖੁਦ ਇਸ ਗੁਪਤ ਟਿਕਾਣੇ ਦਾ ਕਬਜਾ ਛਡਾ ਕੇ ਸਾਂਭੇਗੀ।
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਬ੍ਰਿਜ ਰਾਜਿਆਣਾ, ਹਰਜਿੰਦਰ ਬਾਗੀ, ਖੁਸ਼ਵੰਤ ਹਨੀ, ਨਗਿੰਦਰ ਸਿੰਘ, ਜਸਵੰਤ ਸਿੰਘ ਜਵਾਏ ਸਿੰਘ ਵਾਲਾ, ਵਿਜੇ ਕੁਮਾਰ, ਮਹਾਸ਼ਾ ਸਮਾਘ, ਭਰਾਤਰੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਮਾਸਟਰ ਕ੍ਰਿਸ਼ਨ ਪ੍ਰਤਾਪ, ਆਨੰਦ ਗੋਪਾਲ ਮਿੱਤਲ, ਗਗਨ ਲਿਖਾਰੀ ਹਾਜ਼ਰ ਸਨ।