ਮੁੰਬਈ, 12 ਅਕਤੂਬਰ (ਪੰਜਾਬ ਮੇਲ)-ਉੱਘੇ ਉਦਯੋਗਪਤੀ ਮਰਹੂਮ ਰਤਨ ਟਾਟਾ ਦੇ ਮਤਰੇਏ ਭਰਾ ਨੋਇਲ ਟਾਟਾ (67) ਟਾਟਾ ਟਰੱਸਟਸ ਦੇ ਅਗਲੇ ਚੇਅਰਮੈਨ ਹੋਣਗੇ। ਸੂਤਰਾਂ ਮੁਤਾਬਕ ਉਨ੍ਹਾਂ ਦੀ ਚੋਣ ਅੱਜ ਬੋਰਡ ਵੱਲੋਂ ਕੀਤੀ ਗਈ ਜੋ ਟਾਟਾ ਟਰੱਸਟਸ ਦੀਆਂ ਕੰਪਨੀਆਂ ਸਰ ਰਤਨ ਟਾਟਾ ਟਰੱਸਟ ਐਂਡ ਐਲਾਈਡ ਟਰੱਸਟਸ, ਸਰ ਦੋਰਾਬਜੀ ਟਾਟਾ ਟਰੱਸਟ ਐਂਡ ਐਲਾਈਡ ਟਰੱਸਟਸ ਦੀ ਅਗਵਾਈ ਕਰਨਗੇ, ਜਿਸ ਦੇ ਉਹ ਪਹਿਲਾਂ ਹੀ ਟਰੱਸਟੀ ਹਨ। ਉਨ੍ਹਾਂ ਕੋਲ ਟਾਟਾ ਸੰਨਜ਼ ਦੀ 66 ਫ਼ੀਸਦੀ ਹਿੱਸੇਦਾਰੀ ਹੈ। ਨੋਏਲ ਨੂੰ ਟਾਟਾ ਟਰੱਸਟਸ ’ਚ ਰਤਨ ਟਾਟਾ ਦੀ ਥਾਂ ਲੈਣ ਲਈ ਸਭ ਤੋਂ ਅੱਗੇ ਦੇਖਿਆ ਜਾ ਰਿਹਾ ਸੀ। ਉਂਝ ਰਤਨ ਟਾਟਾ ਦੇ ਲੰਬੇ ਸਮੇਂ ਦੇ ਭਰੋਸੇਯੋਗ ਮੇਹਲੀ ਮਿਸਤਰੀ ਦੇ ਨਾਮ ਨੂੰ ਲੈ ਕੇ ਕਿਆਸਾਂ ਸਨ। ਕੁਝ ਰਿਪੋਰਟਾਂ ਮੁਤਾਬਕ ਮੇਹਲੀ, ਜੋ ਪਹਿਲਾਂ ਤੋਂ ਹੀ ਟਾਟਾ ਟਰੱਸਟਸ ਦੇ ਟਰੱਸਟੀ ਹਨ, ਨੂੰ ਪੱਕੇ ਤੌਰ ’ਤੇ ਟਰੱਸਟੀ ਬਣਾਏ ਜਾਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਤਨ ਟਾਟਾ (86) ਦਾ ਬੁੱਧਵਾਰ ਰਾਤ ਦੇਹਾਂਤ ਹੋ ਗਿਆ ਸੀ, ਜਿਸ ਮਗਰੋਂ ਟਾਟਾ ਟਰੱਸਟਸ ਦੇ ਚੇਅਰਮੈਨ ਦੇ ਅਹੁਦੇ ਲਈ ਉਨ੍ਹਾਂ ਦੇ ਜਾਨਸ਼ੀਨ ਦੀ ਭਾਲ ਸ਼ੁਰੂ ਹੋਈ। ਨੋਏਲ 1999 ਤੋਂ ਟਾਟਾ ਗਰੁੱਪ ਨਾਲ ਜੁੜੇ ਹੋਏ ਹਨ ਅਤੇ ਖੁਦਰਾ ਇਕਾਈ ਟਰੈਂਟ ਦੇ ਚੇਅਰਮੈਨ ਹਨ ਜੋ ਵੈਸਟਸਾਈਡ ਅਤੇ ਜ਼ੂਡੀਓ ਜਿਹੀਆਂ ਚੇਨਾਂ ਦਾ ਕਾਰੋਬਾਰ ਦੇਖਦੀ ਹੈ ਅਤੇ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਦੋ ਲੱਖ ਕਰੋੜ ਰੁਪਏ ਤੋਂ ਵੱਧ ਹੈ। ਉਹ ਵੋਲਟਾਸ ਅਤੇ ਟਾਟਾ ਇੰਟਰਨੈਸ਼ਨਲ ਦੇ ਚੇਅਰਮੈਨ ਵੀ ਹਨ। -ਪੀਟੀਆਈ