#OTHERS

ਨੇਪਾਲ ਸਰਕਾਰ ਵੱਲੋਂ ਚੀਨ ਤੋਂ 2 ਕਰੋੜ ਅਮਰੀਕੀ ਡਾਲਰ ਦੀ ਗ੍ਰਾਂਟ ਸਹਾਇਤਾ ਸਵੀਕਾਰ

ਕਾਠਮੰਡੂ, 2 ਦਸੰਬਰ (ਪੰਜਾਬ ਮੇਲ)- ਨੇਪਾਲ ਸਰਕਾਰ ਨੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਚੀਨ ਦੌਰੇ ਤੋਂ ਪਹਿਲਾਂ ਇਸ ਦੇਸ਼ ਤੋਂ 2 ਕਰੋੜ ਅਮਰੀਕੀ ਡਾਲਰ ਦੇ ਪ੍ਰੋਜੈਕਟ ਗ੍ਰਾਂਟ ਸਹਾਇਤਾ ਵਜੋਂ ਸਵੀਕਾਰ ਕੀਤੇ ਗਏ ਹਨ। ਚੌਥੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਓਲੀ ਦੀ ਇਹ ਪਹਿਲੀ ਚੀਨ ਯਾਤਰਾ ਹੈ। ਸੂਚਨਾ ਅਤੇ ਸੰਚਾਰ ਮੰਤਰੀ ਪ੍ਰਿਥਵੀ ਸੁਬਾ ਗੁਰੂੰਗ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮੰਤਰੀ ਮੰਡਲ ਦੀ ਬੈਠਕ ‘ਚ ਪ੍ਰਧਾਨ ਮੰਤਰੀ ਓਲੀ ਦੀ ਚੀਨ ਯਾਤਰਾ ਦੀ ਸਫਲਤਾ ਦੀ ਕਾਮਨਾ ਕੀਤੀ ਗਈ ਅਤੇ ਚੀਨ ਤੋਂ ਗ੍ਰਾਂਟ ਸਹਾਇਤਾ ਵਜੋਂ 2 ਕਰੋੜ ਅਮਰੀਕੀ ਡਾਲਰ (ਕਰੀਬ 2.70 ਅਰਬ ਨੇਪਾਲੀ ਰੁਪਏ) ਦੇ ਪ੍ਰੋਜੈਕਟਾਂ ਨੂੰ ਸਵੀਕਾਰ ਕਰਨ ਦਾ ਫ਼ੈਸਲਾ ਕੀਤਾ ਗਿਆ।
ਸਰਕਾਰੀ ਬੁਲਾਰੇ ਗੁਰੂੰਗ ਦੇ ਅਨੁਸਾਰ ਇਸ ਦੇ ਇਲਾਵਾ ਮੰਤਰੀ ਮੰਡਲ ਨੇ ਚੀਨੀ ਸਰਕਾਰ ਦੁਆਰਾ ਪ੍ਰਸਤਾਵਿਤ 5.60 ਬਿਲੀਅਨ ਨੇਪਾਲੀ ਰੁਪਏ ਦੇ ਪ੍ਰੋਜੈਕਟਾਂ ਲਈ 30 ਕਰੋੜ ਚੀਨੀ ਯੂਆਨ (ਲਗਭਗ 41 ਮਿਲੀਅਨ ਅਮਰੀਕੀ ਡਾਲਰ) ਦੀ ਰਕਮ ਨੂੰ ਸਵੀਕਾਰ ਕਰਨ ਦਾ ਫ਼ੈਸਲਾ ਕੀਤਾ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਸੋਮਵਾਰ ਨੂੰ ਚਾਰ ਦਿਨਾਂ ਦੇ ਸਰਕਾਰੀ ਦੌਰੇ ‘ਤੇ ਚੀਨ ਲਈ ਰਵਾਨਾ ਹੋਏ। ਇਸ ਦੌਰੇ ਦੌਰਾਨ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਪਸੀ ਹਿੱਤਾਂ ਦੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਨ ਵਾਲੇ ਹਨ। ਵਿਦੇਸ਼ ਮੰਤਰਾਲੇ ਨੇ ਇੱਥੇ ਦੱਸਿਆ ਕਿ ਓਲੀ ਆਪਣੇ ਚੀਨੀ ਹਮਰੁਤਬਾ ਲੀ ਕੇਕਿਯਾਂਗ ਦੇ ਸੱਦੇ ‘ਤੇ ਬੀਜਿੰਗ ਦਾ ਦੌਰਾ ਕਰ ਰਹੇ ਹਨ।