#CANADA

ਨਿੱਝਰ ਹੱਤਿਆ ਮਾਮਲਾ: ਭਾਰਤ ਨੇ ਟਰੂਡੋ ਸਰਕਾਰ ਤੋਂ ਮੰਗੇ ਮੁੜ ਮੰਗੇ ਸਬੂਤ

-ਭਾਰਤੀ ਹਾਈ ਕਮਿਸ਼ਨਰ ਨੇ ਇਕ ਇੰਟਰਵਿਊ ‘ਚ ਟਰੂਡੋ ਸਰਕਾਰ ਨੂੰ ਸਬੂਤ ਮੁਹੱਈਆ ਕਰਵਾਉਣ ਲਈ ਕਿਹਾ
ਓਟਵਾ, 8 ਨਵੰਬਰ (ਪੰਜਾਬ ਮੇਲ)- ਕੈਨੇਡਾ ‘ਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਸਬੰਧੀ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦਾਅਵੇ ਨੂੰ ਲੈ ਕੇ ਓਟਵਾ ਨੂੰ ਲੋੜੀਂਦੇ ਸਬੂਤ ਮੁਹੱਈਆ ਕਰਵਾਉਣ ਲਈ ਕਿਹਾ ਹੈ। ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਵੱਲੋਂ ਕੀਤੀ ਜਾਂਚ ਨੂੰ ਦਾਗ਼ਦਾਰ ਕਰਾਰ ਦਿੱਤਾ ਹੈ। ਉਨ੍ਹਾਂ ਬੀਤੇ ਸ਼ੁੱਕਰਵਾਰ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ‘ਇਸ ਕੇਸ ਵਿਚ ਅਜੇ ਤੱਕ ਕੋਈ ਵਿਸ਼ੇਸ਼ ਜਾਂ ਸਬੰਧਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ, ਜਿਸ ਨਾਲ ਜਾਂਚ ਵਿਚ ਕੋਈ ਮਦਦ ਮਿਲੇ।” ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਕੂਟਨੀਤਕ ਟਕਰਾਅ ਨੂੰ ਮੁਖਾਤਿਬ ਹੋਣ ਲਈ ਦੋਵੇਂ ਧਿਰਾਂ ਇਕ ਦੂਜੇ ਦੇ ਸੰਪਰਕ ਵਿਚ ਹਨ। ਹਾਲਾਂਕਿ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ‘ਪ੍ਰਭੂਸੱਤਾ ਤੇ ਸੰਵੇਦਨਸ਼ੀਲਤਾ’ ਇਕਤਰਫ਼ਾ ਨਹੀਂ ਹੋ ਸਕਦੀ। ਭਾਰਤੀ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਸ਼ਨਿੱਚਰਵਾਰ ਨੂੰ ਕਿਸੇ ਦਾ ਨਾਮ ਲਏ ਬਿਨਾਂ ਕਿਹਾ, ”ਇਹ ਹਦਾਇਤਾਂ ਕਿਤੋਂ ਉਪਰੋਂ ਆਈਆਂ ਹਨ ਕਿ ਨਿੱਝਰ ਕਤਲ ਕਾਂਡ ਪਿੱਛੇ ਭਾਰਤ ਜਾਂ ਭਾਰਤੀ ਏਜੰਟਾਂ ਦਾ ਹੱਥ ਹੋਣ ਬਾਰੇ ਬਿਆਨ ਦਿੱਤਾ ਜਾਵੇ।” ਉਨ੍ਹਾਂ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਭਾਰਤ ਪਿਛਲੇ ਪੰਜ-ਛੇ ਸਾਲਾਂ ਦੌਰਾਨ ਓਟਵਾ ਨੂੰ 26 ਵਾਰ ਬੇਨਤੀ ਕਰ ਚੁੱਕਾ ਹੈ ਕਿ ਕੁਝ ਵੱਖਵਾਦੀਆਂ ਨੂੰ ਭਾਰਤ ਦੇ ਹਵਾਲੇ ਕਰੇ ਪਰ ਕੈਨੇਡਾ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕੈਨੇਡਾ ਵਿਚ ਖ਼ੁਦ ਨੂੰ ਅਤੇ ਹੋਰ ਭਾਰਤੀ ਕੂਟਨੀਤਕ ਸਟਾਫ਼ ਨੂੰ ਦਰਪੇਸ਼ ਸੁਰੱਖਿਆ ਚੁਣੌਤੀਆਂ ਬਾਰੇ ਵੀ ਗੱਲ ਕੀਤੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਤੰਬਰ ‘ਚ ਦੇਸ਼ ਦੀ ਸੰਸਦ ਵਿਚ ਦਿੱਤੇ ਉਪਰੋਕਤ ਬਿਆਨ ਮਗਰੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਕੂਟਨੀਤਕ ਟਕਰਾਅ ਤੇ ਤਲਖੀ ਵੱਧ ਗਈ ਸੀ। ਨਿੱਝਰ ਦੀ ਇਸ ਸਾਲ ਜੂਨ ਵਿਚ ਸਰੀ ਦੇ ਗੁਰਦੁਆਰੇ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਭਾਰਤ ਨੇ ਹਾਲਾਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ‘ਹਾਸੋਹੀਣੇ’ ਤੇ ‘ਪ੍ਰੇਰਿਤ’ ਦੱਸ ਕੇ ਖਾਰਜ ਕਰ ਦਿੱਤਾ ਸੀ। ਭਾਰਤ ਨੇ ਮਗਰੋਂ ਕੈਨੇਡਾ ਸਥਿਤ ਆਪਣੇ ਸਫ਼ਾਰਤਖਾਨਿਆਂ ਤੋਂ ਵੀਜ਼ਾ ਸੇਵਾਵਾਂ ਆਰਜ਼ੀ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਸਨ। ਇਹੀ ਨਹੀਂ, ਭਾਰਤ ਨੇ ਕੈਨੇਡਾ ਨੂੰ ਆਪਣੀ ਕੂਟਨੀਤਕ ਮੌਜੂਦਗੀ ਘਟਾਉਣ ਲਈ ਵੀ ਕਿਹਾ ਸੀ। ਕੈਨੇਡਾ ਨੇ ਆਪਣੇ 41 ਡਿਪਲੋਮੈਟ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਸੱਦ ਲਿਆ ਸੀ।