#CANADA

ਨਿੱਝਰ ਹੱਤਿਆ ਮਾਮਲਾ: ਭਾਰਤ ਜਾਂਚ ‘ਚ Canada ਨਾਲ ਕਰ ਰਿਹੈ ਤਾਲਮੇਲ

-ਕੈਨੇਡਾ ਦੀ ਸਾਬਕਾ ਸੁਰੱਖਿਆ ਸਲਾਹਕਾਰ ਵੱਲੋਂ ਖੁਲਾਸਾ
ਓਟਾਵਾ, 29 ਜਨਵਰੀ (ਪੰਜਾਬ ਮੇਲ)- ਕੈਨੇਡਾ ਦੀ ਸਾਬਕਾ ਸੁਰੱਖਿਆ ਸਲਾਹਕਾਰ ਜੋਡੀ ਥੌਮਸ ਨੇ ਇਕ ਇੰਟਰਵਿਊ ਵਿਚ ਖੁਲਾਸਾ ਕੀਤਾ ਹੈ ਕਿ ‘ਬ੍ਰਿਟਿਸ਼ ਕੋਲੰਬੀਆ ‘ਚ ਸਿੱਖ ਵੱਖਵਾਦੀ ਦੀ ਹੱਤਿਆ ਦੀ ਜਾਰੀ ਜਾਂਚ ‘ਚ ਭਾਰਤ ਹੁਣ ਕੈਨੇਡਾ ਨਾਲ ਸਹਿਯੋਗ ਕਰ ਰਿਹਾ ਹੈ।’ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਮਹੀਨਿਆਂ ਤੋਂ ਬਣੇ ਤਣਾਅ ਮਗਰੋਂ ਦੁਵੱਲੇ ਸਬੰਧਾਂ ਵਿਚ ਹੁਣ ਸੁਧਾਰ ਹੋ ਰਿਹਾ ਹੈ। ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਪਿਛਲੇ ਸਾਲ ਜੂਨ ਵਿਚ ਸਰੀ ‘ਚ ਹੋਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਭਾਰਤ ਹੁਣ ਜਾਂਚ ‘ਚ ਕੈਨੇਡਾ ਨਾਲ ਤਾਲਮੇਲ ਕਰ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦ ਕਿਸੇ ਕੈਨੇਡੀਅਨ ਅਧਿਕਾਰੀ ਨੇ ਮੰਨਿਆ ਹੈ ਕਿ ਭਾਰਤ ਨੇ ਇਸ ਮਾਮਲੇ ਵਿਚ ਸਹਿਯੋਗ ਕਰਨਾ ਸ਼ੁਰੂ ਕੀਤਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਨੇ ਨਿੱਝਰ ਦੀ ਹੱਤਿਆ ‘ਤੇ ਬਣੇ ਤਣਾਅ ਦਰਮਿਆਨ ਭਾਰਤ ‘ਤੇ ਸਹਿਯੋਗ ਨਾ ਕਰਨ ਦੇ ਦੋਸ਼ ਲਾਏ ਸਨ। ਗੌਰਤਲਬ ਹੈ ਕਿ ਪਿਛਲੇ ਸਾਲ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਸੀ ਕਿ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਕੁੜੱਤਣ ਪੈਦਾ ਹੋ ਗਈ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ‘ਬੇਤੁਕੇ ਤੇ ਖਾਸ ਮੰਤਵ ਤੋਂ ਪ੍ਰੇਰਿਤ’ ਦੱਸਿਆ ਸੀ। ਥੌਮਸ ਦੀਆਂ ਟਿੱਪਣੀਆਂ ‘ਤੇ ਹਾਲੇ ਤੱਕ ਭਾਰਤ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਜੋਡੀ ਥੌਮਸ 26 ਜਨਵਰੀ ਨੂੰ ਸੇਵਾਮੁਕਤ ਹੋਈ ਹੈ। ਭਾਰਤ ਇਸ ਤੋਂ ਪਹਿਲਾਂ ਕਹਿ ਚੁੱਕਾ ਹੈ ਕਿ ਕੈਨੇਡਾ ਨੇ ਉਨ੍ਹਾਂ ਨਾਲ ਅਜਿਹਾ ਕੋਈ ਸਬੂਤ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ, ਜਿਸ ਤੋਂ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਸਾਬਿਤ ਹੁੰਦੀ ਹੋਵੇ। ਇੰਟਰਵਿਊ ਵਿਚ ਥੌਮਸ ਨੇ ਕਿਹਾ, ‘ਮੈਂ ਅਜਿਹਾ ਨਹੀਂ ਕਹਾਂਗੀ ਕਿ ਉਹ ਸਹਿਯੋਗ ਨਹੀਂ ਕਰ ਰਹੇ।’ ਉਨ੍ਹਾਂ ਕਿਹਾ ਕਿ ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿਚ ‘ਸੁਧਾਰ’ ਹੋ ਰਿਹਾ ਹੈ ਤੇ ਕੈਨੇਡਾ ਨੇ ‘ਰਿਸ਼ਤਿਆਂ ਨੂੰ ਅੱਗੇ ਵਧਾਇਆ ਹੈ।’ ਜੋਡੀ ਨੇ ਕਿਹਾ ਕਿ ਭਾਰਤੀ ਹਮਰੁਤਬਾ ਨਾਲ ਉਨ੍ਹਾਂ ਦੀ ਚਰਚਾ ਸਕਾਰਾਤਮਕ ਰਹੀ ਹੈ ਤੇ ਚੀਜ਼ਾਂ ਅੱਗੇ ਵਧੀਆਂ ਹਨ। ਦੱਸਣਯੋਗ ਹੈ ਕਿ ਹਿੰਦ-ਪ੍ਰਸ਼ਾਂਤ ਵਿਚ ਕੰਮ ਕਰਨ ਦੀ ਕੈਨੇਡਾ ਦੀ ਸਮਰੱਥਾ ਭਾਰਤ ਨਾਲ ਚੰਗੇ ਰਿਸ਼ਤਿਆਂ ‘ਤੇ ਨਿਰਭਰ ਕਰਦੀ ਹੈ। ਥੌਮਸ ਨੇ ਕਿਹਾ, ‘ਤੇ ਮੈਨੂੰ ਲੱਗਦਾ ਹੈ ਕਿ ਅਸੀਂ ਮੁੜ ਇਸ ਉਤੇ ਕੰਮ ਕਰ ਰਹੇ ਹਾਂ।’ ਜ਼ਿਕਰਯੋਗ ਹੈ ਕਿ ਜੋਡੀ ਥੌਮਸ ਨੂੰ ਜਨਵਰੀ 2022 ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਇੰਟੈਲੀਜੈਂਸ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ।

‘ਅਮਰੀਕਾ ਤੇ ਕੈਨੇਡਾ ਵੱਲੋਂ ਲਾਏ ਦੋਸ਼ ਆਪਸ ‘ਚ ਜੁੜੇ ਹੋਏ’
ਹਾਲ ਹੀ ਵਿਚ ਸੇਵਾਮੁਕਤ ਹੋਈ ਕੈਨੇਡਾ ਦੀ ਸਾਬਕਾ ਸੁਰੱਖਿਆ ਸਲਾਹਕਾਰ ਨੂੰ ਜਦ ਪੁੱਛਿਆ ਗਿਆ ਕਿ ਕੀ ਭਾਰਤ ਨਾਲ ਕੈਨੇਡਾ ਦੇ ਰਿਸ਼ਤਿਆਂ ਵਿਚ ਬਦਲਾਅ ਅਮਰੀਕਾ ਵੱਲੋਂ ਲਾਏ ਦੋਸ਼ਾਂ ਮਗਰੋਂ ਆਇਆ ਹੈ, ਤਾਂ ਉਨ੍ਹਾਂ ਕਿਹਾ, ‘ਦੋਵੇਂ ਮਾਮਲੇ ਲਾਜ਼ਮੀ ਤੌਰ ‘ਤੇ ਜੁੜੇ ਹੋਏ ਹਨ।’ ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕੀ ਧਰਤੀ ‘ਤੇ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਵਿਰੁੱਧ ਮੁਕੱਦਮਾ ਚਲਾ ਰਿਹਾ ਹੈ। ਸਾਬਕਾ ਕੈਨੇਡੀਅਨ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਵੱਲੋਂ ਜਿਹੜੀ ਜਾਣਕਾਰੀ ਦਾ ਖੁਲਾਸਾ ਕੀਤਾ ਗਿਆ ਹੈ, ਉਸ ਨਾਲ ਸਾਡਾ ਰੁਖ਼ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ, ‘ਭਾਰਤ ਹੁਣ ਸਾਡੇ ਨਾਲ ਕੰਮ ਕਰ ਰਿਹਾ ਹੈ ਤੇ ਵਿਸ਼ੇਸ਼ ਤੌਰ ‘ਤੇ ਮੇਰੇ ਭਾਰਤੀ ਹਮਰੁਤਬਾ ਇਸ ਨੂੰ ਹੱਲ ਕਰਨ ਲਈ ਨੇੜਿਓਂ ਕੰਮ ਕਰ ਰਹੇ ਹਨ।’ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਥੌਮਸ ਕਈ ਵਾਰ ਇਨ੍ਹਾਂ ‘ਤੇ ਚਰਚਾ ਲਈ ਭਾਰਤ ਆਈ ਸੀ। ਨਿੱਝਰ ਮਾਮਲੇ ਦੀ ਜਾਂਚ ਕੈਨੇਡਾ ਦੀ ਪੁਲਿਸ ‘ਆਰ.ਸੀ.ਐੱਮ.ਪੀ.’ ਕਰ ਰਹੀ ਹੈ।