#CANADA

ਨਿੱਝਰ ਹੱਤਿਆ ਮਾਮਲਾ: ਕੈਨੇਡਾ ਨੇ ਹੱਤਿਆ ਦੀ ਜਾਂਚ ਪੂਰੀ ਤਰ੍ਹਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਭਾਰਤ ਨੂੰ ‘ਦੋਸ਼ੀ’ ਠਹਿਰਾਇਆ

ਓਟਾਵਾ, 26 ਨਵੰਬਰ 26 ਨਵੰਬਰ (ਪੰਜਾਬ ਮੇਲ)- ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਇਸ ਗੱਲ ਉਤੇ ਇਤਰਾਜ਼ ਜਤਾਇਆ ਹੈ ਕਿ ਖਾਲਿਸਤਾਨੀ ਕੱਟੜਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ ਪੂਰੀ ਤਰ੍ਹਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਭਾਰਤ ਨੂੰ ‘ਦੋਸ਼ੀ’ ਠਹਿਰਾ ਦਿੱਤਾ ਗਿਆ। ਕੈਨੇਡਾ ਨੂੰ ਹੱਤਿਆ ਦੇ ਇਸ ਮਾਮਲੇ ਵਿਚ ਸਬੂਤ ਦੇਣ ਦੀ ਬੇਨਤੀ ਕਰਦਿਆਂ ਭਾਰਤੀ ਰਾਜਦੂਤ ਨੇ ਆਪਣਾ ਰੁਖ਼ ਦੁਹਰਾਉਂਦਿਆਂ ਕਿਹਾ ਕਿ ਨਵੀਂ ਦਿੱਲੀ ਜਸਟਿਨ ਟਰੂਡੋ ਦੇ ਦੋਸ਼ਾਂ ਨਾਲ ਸਬੰਧਤ ‘ਕਿਸੇ ਵੀ ਵਿਸ਼ੇਸ਼ ਤੇ ਢੁੱਕਵੀਂ ਜਾਣਕਾਰੀ’ ਉਤੇ ਜ਼ਰੂਰ ਗੌਰ ਕਰੇਗਾ’, ਜਿਸ ਦੇ ਅਧਾਰ ਉਤੇ ਕੈਨੇਡਾ ਨੇ ਦਾਅਵੇ ਕੀਤੇ ਹਨ। ‘ਸੀਟੀਵੀ’ ਨਿਊਜ਼ ਚੈਨਲ ਨਾਲ ਹੋਈ ਇਕ ਇੰਟਰਵਿਊ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੀ ਸੰਭਾਵੀ ਸ਼ਮੂਲੀਅਤ ਬਾਰੇ ਸਵਾਲ ਪੁੱਛੇ ਗਏ ਸਨ ਜਿਸ ਦੇ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਾਏ ਸਨ। ਇਸ ਦਾ ਜਵਾਬ ਦਿੰਦਿਆਂ ਵਰਮਾ ਨੇ ਕਿਹਾ, ‘ਦੋ ਨੁਕਤੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਭਾਰਤ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ। ਕੀ ਇਸੇ ਨੂੰ ਕਾਨੂੰਨ ਦਾ ਰਾਜ ਕਹਿੰਦੇ ਹਨ?’ ਹਾਈ ਕਮਿਸ਼ਨਰ ਨੇ ਕਿਹਾ, ‘ਕਿਉਂਕਿ ਭਾਰਤ ਨੂੰ ਸਹਿਯੋਗ ਕਰਨ ਲਈ ਕਿਹਾ ਗਿਆ ਸੀ, ਤੇ ਜੇਕਰ ਤੁਸੀਂ ਅਪਰਾਧਕ ਮਾਮਲਿਆਂ ਵਿਚ ਹੁੰਦੀ ਕਾਰਵਾਈ ਨੂੰ ਦੇਖੋ ਤਾਂ ਜਦ ਕਿਸੇ ਨੂੰ ਸਹਿਯੋਗ ਕਰਨ ਲਈ ਕਿਹਾ ਜਾਂਦਾ ਹੈ, ਤਾਂ ਇਸ ਦਾ ਮਤਲਬ ਤੁਹਾਨੂੰ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੁੰਦਾ ਹੈ ਤੇ ਹੁਣ ਤੁਹਾਨੂੰ ਸਹਿਯੋਗ ਕਰਨ ਲਈ ਕਿਹਾ ਜਾ ਰਿਹਾ ਹੈ।’ ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੋਸ਼ਾਂ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਦਰਾਰ ਆ ਗਈ ਸੀ। ਉਨ੍ਹਾਂ ਕੈਨੇਡਾ ਵਿਚ ਹੋਈ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਦੋਸ਼ ਲਾਏ ।