#CANADA

ਨਿੱਝਰ ਮਾਮਲੇ ਵਿੱਚ ਦੋ ਮਸ਼ਕੂਕ ਗ੍ਰਿਫ਼ਤਾਰ ਕਰਨ ਦੀ ਤਿਆਰੀ

ਓਟਵਾ, 29 ਦਸੰਬਰ (ਪੰਜਾਬ ਮੇਲ)-  ਕੈਨੇਡੀਅਨ ਪੁਲੀਸ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਜ਼ਿੰਮੇਵਾਰ ਦੋ ਮਸ਼ਕੂਕਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਸਕਦੀ ਹੈ। ਨਿੱਝਰ ਦਾ ਇਸ ਸਾਲ ਜੂਨ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇਕ ਗੁਰਦੁਆਰੇ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਿਪੋਰਟ ਮੁਤਾਬਕ ਦੋਵੇਂ ਮਸ਼ਕੂਕ ਅਜੇ ਵੀ ਕੈਨੇਡਾ ਵਿੱਚ ਮੌਜੂਦ ਹਨ। ‘ਦਿ ਗਲੋਬ ਐਂਡ ਮੇਲ’ ਅਖ਼ਬਾਰ ਮੁਤਾਬਕ ਦੋਵੇਂ ਮਸ਼ਕੂਕ ਮੌਜੂਦਾ ਸਮੇਂ ਪੁਲੀਸ ਦੀ ਨਿਗਰਾਨੀ ਹੇਠ ਹਨ ਤੇ ‘ਕੁਝ ਹਫ਼ਤਿਆਂ ਵਿਚ’ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਅਖ਼ਬਾਰ ਨੇ ਤਿੰਨ ਗੁਮਨਾਮ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਨਿੱਝਰ ਦੀ ਹੱਤਿਆ ਮਗਰੋਂ ਦੋਵਾਂ ਮਸ਼ਕੂਕ ਕਾਤਲਾਂ ਨੇ ਅਜੇ ਤੱਕ ਕੈਨੇਡਾ ਨਹੀਂ ਛੱਡਿਆ ਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਪੁਲੀਸ ਦੀ ਨਿਗਰਾਨੀ ਵਿੱਚ ਹਨ। ਚੇਤੇ ਰਹੇ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਵੱਖਵਾਦੀ ਨਿੱਝਰ ਦੀ ਹੱਤਿਆ ਵਿੱਚ ਕਥਿਤ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਸਬੰਧੀ ਦੋੋਸ਼ਾਂ ਮਗਰੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਲਖੀ ਵਧ ਗਈ ਸੀ। ਭਾਰਤ ਨੇ ਤਿੰਨ ਸਾਲ ਪਹਿਲਾਂ ਨਿੱਝਰ ਨੂੰ ਦਹਿਸ਼ਤਗਰਦ ਐਲਾਨਿਆ ਸੀ। ਭਾਰਤ ਨੇ ਹਾਲਾਂਕਿ ਟਰੂਡੋ ਦੇ ਇਨ੍ਹਾਂ ਦੋਸ਼ਾਂ ਨੂੰ ‘ਹਾਸੋਹੀਣਾ’ ਤੇ ‘ਪ੍ਰੇਰਿਤ’ ਦੱਸ ਕੇ ਖਾਰਜ ਕਰ ਦਿੱਤਾ ਸੀ।