#INDIA

ਨਿਤੀਸ਼ ਕੁਮਾਰ ਰਿਕਾਰਡ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ

ਪਟਨਾ, 28 ਜਨਵਰੀ (ਪੰਜਾਬ ਮੇਲ)- ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਅੱਜ ਰਿਕਾਰਡ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਰਾਜੇਂਦਰ ਆਰਲੇਕਰ ਨੇ ਇਥੇ ਰਾਜ ਭਵਨ ਵਿੱਚ ਉਨ੍ਹਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਕੁਮਾਰ ਦੇ ਨਾਲ ਭਾਜਪਾ ਆਗੂਆਂ ਵਿਜੈ ਕੁਮਾਰ ਸਿਨਹਾ ਤੇ ਸਮਰਾਟ ਚੌਧਰੀ ਨੇ ਮੰਤਰੀਆਂ ਵਜੋਂ ਹਲਫ਼ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਮਾਰ ਨੂੰ ਫੋਨ ਕਰਕੇ ਵਧਾਈ ਦਿੱਤੀ। ਸ੍ਰੀ ਮੋਦੀ ਨੇ ਕਿਹਾ ਕਿ ਬਿਹਾਰ ਦੀ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ’ਚ ਕੋਈ ਕਸਰ ਨਹੀਂ ਛੱਡੇਗੀ। ਇਸ ਤੋਂ ਪਹਿਲਾਂ ਅੱਜ ਦਿਨੇਂ ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੁਮਾਰ ਨੇ ਰਾਜ ਭਵਨ ਜਾ ਕੇ ਰਾਜਪਾਲ ਰਾਜੇਂਦਰ ਵੀ.ਅਰਲੇਕਰ ਨੂੰ ਅਸਤੀਫ਼ਾ ਸੌਂਪਿਆ। ਰਾਜਪਾਲ ਨੇ ਕੁਮਾਰ ਦਾ ਅਸਤੀਫ਼ਾ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਨਿਗਰਾਨ ਮੁੱਖ ਮੰਤਰੀ ਵਜੋਂ ਸੇਵਾਵਾਂ ਜਾਰੀ ਰੱਖਣ ਲਈ ਕਿਹਾ ਸੀ। ਕੁਮਾਰ ਨਾਲ ਇਸ ਮੌਕੇ ਸੀਨੀਅਰ ਮੰਤਰੀ ਬੀਜੇਂਦਰ ਯਾਦਵ ਵੀ ਮੌਜੂਦ ਸਨ। ਕੁਮਾਰ ਨੇ ਅਸਤੀਫਾ ਦੇਣ ਤੋਂ ਪਹਿਲਾਂ ਆਪਣੀ ਅਧਿਕਾਰਤ ਰਿਹਾਇਸ਼ ’ਤੇ ਪਾਰਟੀ ਵਿਧਾਇਕਾਂ ਨਾਲ ਬੈਠਕ ਵੀ ਕੀਤੀ। ਬਿਹਾਰ ਵਿਚ ਐੱਨਡੀਏ ਦੇ ਸਾਰੇ ਭਾਈਵਾਲਾਂ ਐੱਚਏਐੱਮ ਤੇ ਲੋਕ ਜਨਸ਼ਕਤੀ ਪਾਰਟੀ ਨੇ ਕੁਮਾਰ ਨੂੰ ਮੁੜ ਗੱਠਜੋੜ ’ਚ ਸ਼ਾਮਲ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਜੇਡੀਯੂ 2024 ਦੀਆਂ ਲੋਕ ਸਭਾ ਚੋਣਾਂ ਐੱਨਡੀਏ ਨਾਲ ਮਿਲ ਕੇ ਲੜੇਗੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੁਮਾਰ ਦੀ ਜੇਡੀਯੂ ਸਣੇ ਸਾਰੇ ਐੱਨਡੀਏ ਭਾਈਵਾਲਾਂ ਨੇ ਬਿਹਾਰ ਦੀਆਂ 40 ਵਿਚੋਂ 31 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ।