#PUNJAB

ਨਿਗਮ ਚੋਣਾਂ: ਸਿਆਸੀ ਧਿਰਾਂ ਵੱਲੋਂ ਟਿਕਟਾਂ ਦੀ ਵੰਡ ਨੂੰ ਅੰਤਿਮ ਛੋਹਾਂ

ਚੰਡੀਗੜ੍ਹ, 10 ਦਸੰਬਰ (ਪੰਜਾਬ ਮੇਲ)- ਪੰਜਾਬ ‘ਚ ਨਗਰ ਨਿਗਮ ਅਤੇ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਕਾਗ਼ਜ਼ ਦਾਖ਼ਲ ਕਰਨ ਦਾ ਸਮਾਂ ਘੱਟ ਹੋਣ ਕਰਕੇ ਸਿਆਸੀ ਪਾਰਟੀਆਂ ਟਿਕਟਾਂ ਦੀ ਵੰਡ ਨੂੰ ਅੰਤਿਮ ਛੋਹਾਂ ਦੇਣ ਲੱਗੀਆਂ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਦਿਨ ਕਿਸੇ ਉਮੀਦਵਾਰ ਵੱਲੋਂ ਕਾਗ਼ਜ਼ ਦਾਖ਼ਲ ਨਹੀਂ ਕੀਤੇ ਗਏ। 12 ਦਸੰਬਰ ਕਾਗ਼ਜ਼ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ ਅਤੇ ਸਿਆਸੀ ਧਿਰਾਂ ਕੋਲ ਸਿਰਫ਼ ਤਿੰਨ ਦਿਨ ਬਚੇ ਹਨ।
ਵੱਡਾ ਮਸਲਾ ‘ਕੋਈ ਇਤਰਾਜ਼ ਨਹੀਂ’ (ਐੱਨ.ਓ.ਸੀ.) ਸਰਟੀਫਿਕੇਟ ਲੈਣ ਦਾ ਖੜ੍ਹਾ ਹੋ ਸਕਦਾ ਹੈ। ਚੇਤੇ ਰਹੇ ਕਿ ਪੰਜ ਨਗਰ ਨਿਗਮਾਂ ਤੋਂ ਇਲਾਵਾ 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਚੋਣ ਲਈ 21 ਦਸੰਬਰ ਨੂੰ ਵੋਟਾਂ ਪੈਣਗੀਆਂ। ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਕਰੀਬ 49 ਵਾਰਡਾਂ ‘ਤੇ ਉੱਪ ਚੋਣ ਵੀ ਹੋ ਰਹੀ ਹੈ।
ਸਿਆਸੀ ਧਿਰਾਂ ਵੱਲੋਂ ਨਿਗਮ ਤੇ ਕੌਂਸਲ ਚੋਣਾਂ ਪਾਰਟੀ ਚੋਣ ਨਿਸ਼ਾਨ ‘ਤੇ ਲੜੀਆਂ ਜਾਣਗੀਆਂ। ‘ਆਪ’ ਕੋਲ ਚੋਣ ਲੜਨ ਦੇ ਚਾਹਵਾਨਾਂ ਦੀ ਲੰਮੀ ਸੂਚੀ ਹੈ। ਪਤਾ ਲੱਗਾ ਹੈ ਕਿ ਜਲੰਧਰ ਨਿਗਮ ਦੇ 85 ਵਾਰਡਾਂ ਲਈ ਪੰਜ ਸੌ ਦੇ ਕਰੀਬ ਚਾਹਵਾਨ ਹਨ। ਇਸ ਸਬੰਧੀ ਸਕਰੀਨਿੰਗ ਕਮੇਟੀਆਂ ਦਾ ਮੀਟਿੰਗਾਂ ਦਾ ਸਿਲਸਿਲਾ ਦਿਨ ਭਰ ਜਾਰੀ ਰਿਹਾ। Amritsar ਨਿਗਮ ਦੇ 85 ਵਾਰਡਾਂ ਲਈ ਟਿਕਟਾਂ ਦੀ ਵੰਡ ਲਈ ਸਕਰੀਨਿੰਗ ਕਮੇਟੀ ਦੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।
ਸ਼੍ਰੀ ਧਾਲੀਵਾਲ ਨੇ ਕਿਹਾ ਕਿ ਪ੍ਰਾਪਤ ਰਿਪੋਰਟਾਂ ਦੇ ਆਧਾਰ ‘ਤੇ ਚੋਣ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਦੇ ਨਾਵਾਂ ਨੂੰ ਫਾਈਨਲ ਕੀਤਾ ਜਾ ਰਿਹਾ ਹੈ। ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਜੋ ਨਾਮ ਫਾਈਨਲ ਹੋ ਗਏ ਹਨ, ਉਨ੍ਹਾਂ ਦੀ ਸੂਚੀ ਇੱਕ-ਦੋ ਦਿਨਾਂ ‘ਚ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਚੋਣ ਨਿਸ਼ਾਨ ‘ਤੇ ਚੋਣਾਂ ਲੜੀਆਂ ਜਾਣਗੀਆਂ ਤੇ ਵਿਕਾਸ ਨੂੰ ਮੁੱਦਾ ਬਣਾਇਆ ਜਾਵੇਗਾ। ਪੰਜਾਬ ‘ਚ 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਲਈ ਸਬੰਧਤ ਹਲਕਾ ਵਿਧਾਇਕ ਜੁਟੇ ਹੋਏ ਹਨ।
ਭਾਜਪਾ ਦੀਆਂ ਕਮੇਟੀਆਂ ਨੇ ਵੀ ਉਮੀਦਵਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਪਟਿਆਲਾ ਨਿਗਮ ਚੋਣਾਂ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਹੱਥ ਰਹੇਗੀ। ਬਸਪਾ ਨੇ ਇਹ ਚੋਣਾਂ ਲੜਨ ਦੀ ਤਿਆਰੀ ਵਿੱਢੀ ਹੋਈ ਹੈ।