#PUNJAB

ਨਿਗਮ ਚੋਣਾਂ ਬਾਅਦ ਜਲੰਧਰ ਦੀ ਸਿਆਸਤ ‘ਚ ਹਲਚਲ; 2 ਕੌਂਸਲਰ ‘ਆਪ’ ‘ਚ ਸ਼ਾਮਲ

ਜਲੰਧਰ, 23 ਦਸੰਬਰ (ਪੰਜਾਬ ਮੇਲ)- ਨਗਰ ਨਿਗਮ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਮਗਰੋਂ ਸ਼ਹਿਰ ‘ਚ ਜੋੜ-ਤੋੜ ਦੀ ਸਿਆਸਤ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਇਨ੍ਹਾਂ ਨਤੀਜਿਆਂ ਵਿਚ ਸਭ ਤੋਂ ਵੱਧੀ ਪਾਰਟੀ ਬਣੀ ਹੈ, ਪਰ ਉਹ ਵੀ ਬਹੁਮਤ ਦੇ ਅੰਕੜੇ ਤੋਂ ਥੋੜ੍ਹਾ ਦੂਰ ਰਹਿ ਗਈ ਸੀ। ਇਸ ਵਿਚਾਲੇ ਹੁਣ 2 ਕੌਂਸਲਰਾਂ ਵੱਲੋਂ ਆਪ ਦਾ ਪੱਲਾ ਫੜ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਇਕ ਕਾਂਗਰਸੀ ਅਤੇ ਇਕ ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ਵਿਚ ਸਾਮਲ ਹੋ ਗਏ ਹਨ। ਵਾਰਡ ਨੰਬਰ 81 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤਣ ਵਾਲੀ ਕੌਂਸਲਰ ਸੀਮਾ ਰਾਣੀ ਅਤੇ ਵਾਰਡ ਨੰਬਰ 65 ਤੋਂ ਕਾਂਗਰਸੀ ਕੌਂਸਲਰ ਪਰਵੀਨ ਵਾਸਨ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਇਨ੍ਹਾਂ ਦੋਹਾਂ ਕੌਂਸਲਰਾਂ ਦਾ ਪਾਰਟੀ ਵਿਚ ਸੁਆਗਤ ਕੀਤਾ ਗਿਆ। ਇਸ ਮੌਕੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ, ਦਿਨੇਸ਼ ਢੱਲ ਤੇ ਹੋਰ ਆਗੂ ਵੀ ਮੌਜੂਦ ਰਹੇ।
ਦੱਸ ਦਈਏ ਕਿ ਜਲੰਧਰ ਦੇ 85 ਵਾਰਡਾਂ ‘ਚੋਂ ਆਮ ਆਦਮੀ ਪਾਰਟੀ ਨੇ 38 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਇੱਥੇ ਆਪਣਾ ਮੇਅਰ ਬਣਾਉਣ ਲਈ ਪਾਰਟੀ ਨੂੰ 43 ਸੀਟਾਂ ਦਾ ਅੰਕੜਾ ਪਾਰ ਕਰਨ ਦੀ ਲੋੜ ਹੈ। ਹੁਣ 2 ਕੌਂਸਲਰ ਹੋਰ ਜੁੜਣ ਨਾਲ ਆਮ ਆਦਮੀ ਪਾਰਟੀ ਬਹੁਮਤ ਦੇ ਅੰਕੜੇ ਦੇ ਹੋਰ ਨੇੜੇ ਪਹੁੰਚ ਗਈ ਹੈ। ਇਸ ਤਰ੍ਹਾਂ ਜਲੰਧਰ ‘ਚ ਆਮ ਆਦਮੀ ਪਾਰਟੀ ਦਾ ਮੇਅਰ ਚੁਣੇ ਜਾਣ ਦਾ ਰਾਹ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ।