-ਭਾਰਤੀ-ਅਮਰੀਕੀ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ ‘ਚ ਜੇਤੂ ਐਲਾਨਿਆ
ਨਿਊਯਾਰਕ, 25 ਜੂਨ (ਪੰਜਾਬ ਮੇਲ)- ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਨੇ ਬੀਤੀ ਰਾਤ ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਵਿੱਚ ਜਿੱਤ ਦਾ ਐਲਾਨ ਕੀਤਾ। ਇਸ ਚੋਣ ਵਿਚ ਉਨ੍ਹਾਂ ਦੇ ਵਿਰੋਧੀ ਐਂਡਰਿਊ ਕੁਓਮੋ ਨੇ ਹਾਰ ਮੰਨ ਲਈ ਹੈ। ਹਾਲਾਂਕਿ ਇਸ ਚੋਣ ਦਾ ਅੰਤਿਮ ਫੈਸਲਾ ‘ਰੈਂਕਡ ਚੁਆਇਸ ਵੋਟਿੰਗ’ (ਆਰ.ਸੀ.ਵੀ.) ਰਾਹੀਂ ਹੋਵੇਗਾ, ਪਰ 33 ਸਾਲਾ ਡੈਮੋਕ੍ਰੇਟਿਕ ਨੇਤਾ ਮਮਦਾਨੀ ਦੌੜ ਵਿਚ ਸਭ ਤੋਂ ਅੱਗੇ ਹਨ।
ਆਰ.ਸੀ.ਵੀ. ਇੱਕ ਚੋਣ ਪ੍ਰਣਾਲੀ ਹੈ, ਜਿਸ ਵਿਚ ਵੋਟਰ ਉਮੀਦਵਾਰਾਂ ਨੂੰ ਉਨ੍ਹਾਂ ਦੇ ਵੋਟ ਪੱਤਰਾਂ ‘ਤੇ ਤਰਜੀਹ ਦੇ ਆਧਾਰ ‘ਤੇ ਦਰਜਾ ਦਿੰਦੇ ਹਨ। ਮਮਦਾਨੀ ਨੇ ਸਮਰਥਕਾਂ ਨੂੰ ਦਿੱਤੇ ਭਾਸ਼ਣ ਵਿਚ ਕਿਹਾ, ”ਅਸੀਂ ਇਤਿਹਾਸ ਰਚ ਦਿੱਤਾ ਹੈ। ਮੈਂ ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਲਈ ਤੁਹਾਡੀ ਡੈਮੋਕ੍ਰੇਟਿਕ ਪਾਰਟੀ ਦਾ ਉਮੀਦਵਾਰ ਹੋਵਾਂਗਾ।” ਜਿਨਸੀ ਸ਼ੋਸ਼ਣ ਦੇ ਮਾਮਲੇ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੇ ਕੁਓਮੋ ਨੇ ਸਮਰਥਕਾਂ ਨੂੰ ਦੱਸਿਆ ਕਿ ਉਸਨੇ ਮਮਦਾਨੀ ਨੂੰ ਫ਼ੋਨ ਕੀਤਾ ਸੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਕੁਓਮੋ ਨੇ ਸਮਰਥਕਾਂ ਨੂੰ ਕਿਹਾ, ”ਅੱਜ ਰਾਤ ਉਸਦੀ ਰਾਤ ਹੈ। ਉਹ ਇਸਦਾ ਹੱਕਦਾਰ ਹੈ। ਉਹ ਜਿੱਤ ਗਿਆ।” ਜੇਕਰ ਮਮਦਾਨੀ ਇਹ ਚੋਣ ਜਿੱਤ ਜਾਂਦਾ ਹੈ, ਤਾਂ ਉਹ ਨਿਊਯਾਰਕ ਸਿਟੀ ਦੇ ਪਹਿਲੇ ਮੁਸਲਿਮ ਅਤੇ ਭਾਰਤੀ-ਅਮਰੀਕੀ ਮੇਅਰ ਬਣ ਜਾਣਗੇ।
ਮੌਜੂਦਾ ਮੇਅਰ ਏਰਿਕ ਐਡਮਜ਼ ਨੇ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਵਿਚ ਹਿੱਸਾ ਨਹੀਂ ਲਿਆ ਅਤੇ ਇੱਕ ਸੁਤੰਤਰ ਉਮੀਦਵਾਰ ਵਜੋਂ ਦੁਬਾਰਾ ਚੋਣ ਲੜ ਰਹੇ ਹਨ। ਨਿਊਯਾਰਕ ਸਿਟੀ ਦੇ ‘ਬੋਰਡ ਆਫ਼ ਇਲੈਕਸ਼ਨਜ਼’ ਦੇ ਅਣਅਧਿਕਾਰਤ ਨਤੀਜਿਆਂ ਅਨੁਸਾਰ ਮਮਦਾਨੀ ਨੂੰ ਐਂਡਰਿਊ ਕੁਓਮੋ ਨਾਲੋਂ ਜ਼ਿਆਦਾ ਬੈਲਟ ‘ਤੇ ਤਰਜੀਹ ਦਿੱਤੀ ਗਈ ਸੀ। ‘ਰੈਂਕਡ ਚੁਆਇਸ ਵੋਟਿੰਗ’ ਵਿਚ ਗਿਣੀਆਂ ਜਾਣ ਵਾਲੀਆਂ ਵੋਟਾਂ ਦੀ ਗਿਣਤੀ ਹੋਰ ਘੱਟ ਸਕਦੀ ਹੈ, ਜਿਸ ਕਾਰਨ ਮਮਦਾਨੀ ਦੀ ਲੀਡ ਵਧੇਰੇ ਨਿਸ਼ਚਿਤ ਮੰਨੀ ਜਾ ਰਹੀ ਹੈ। ਪ੍ਰਾਇਮਰੀ ਚੋਣ ਦੇ ਜੇਤੂ ਦਾ ਸਾਹਮਣਾ ਮੌਜੂਦਾ ਮੇਅਰ ਏਰਿਕ ਐਡਮਜ਼ ਨਾਲ ਹੋਵੇਗਾ, ਜੋ ਅਸਲ ਵਿਚ ਇੱਕ ਡੈਮੋਕ੍ਰੇਟ ਹਨ ਪਰ ਹੁਣ ਇੱਕ ਸੁਤੰਤਰ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਆਪਣੇ ਵਿਰੁੱਧ ਦਾਇਰ ਕੀਤੇ ਗਏ ਮਾਮਲੇ ਨੂੰ ਲੈ ਕੇ ਭਾਰੀ ਜਨਤਕ ਨਾਰਾਜ਼ਗੀ ਦੇ ਵਿਚਕਾਰ ਐਡਮਜ਼ ਨੇ ਇੱਕ ਸੁਤੰਤਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ।
ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਲਈ ਭਾਰਤੀ-ਅਮਰੀਕੀ ਹੋਵੇਗਾ ਡੈਮੋਕ੍ਰੇਟਿਕ ਉਮੀਦਵਾਰ
