#AMERICA

ਨਿਊਯਾਰਕ ਦੇ ਜੇ.ਐੱਫ. ਕੈਨੇਡੀ ਏਅਰਪੋਰਟ ‘ਤੇ ਬਣੇਗਾ ਵਿਸ਼ਾਲ ‘ਮੰਦਰ’

ਡੇਢ ਸਾਲ ‘ਚ ਹੋਵੇਗਾ ਤਿਆਰ
ਨਿਊਯਾਰਕ, 4 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਵਿਅਸਤ ਨਿਊਯਾਰਕ ਦੇ ਜੇ.ਐੱਫ. ਕੈਨੇਡੀ ਹਵਾਈ ਅੱਡੇ ‘ਤੇ ਇਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਜੇ.ਐੱਫ.ਕੇ ਅਥਾਰਟੀ ਨੇ ਇਸ ਦੀ ਉਸਾਰੀ ਲਈ ਮਨਜ਼ੂਰੀ ਦੇ ਦਿੱਤੀ ਹੈ। ਜੇ.ਐੱਫ.ਕੇ. ਬੋਰਡ ਤੋਂ ਵੀ ਜਲਦੀ ਹੀ ਇਜਾਜ਼ਤ ਮਿਲਣ ਦੀ ਸੰਭਾਵਨਾ ਹੈ। ਨਿਊਯਾਰਕ ਇਸਕਨ, ਸੇਵਾ ਇੰਟਰਨੈਸ਼ਨਲ ਸਮੇਤ 100 ਤੋਂ ਵੱਧ ਸੰਸਥਾਵਾਂ ਨੇ ਇਸ ਲਈ ਆਨਲਾਈਨ ਪਟੀਸ਼ਨ ਮੁਹਿੰਮ ਵੀ ਸ਼ੁਰੂ ਕੀਤੀ ਹੈ।
ਅਮਰੀਕਾ ਦੇ ਨਿਊਯਾਰਕ, ਨਿਊਜਰਸੀ, ਪੈਨਸਿਲਵੇਨੀਆ, ਕਨੈਕਟੀਕਟ, ਰੋਡੇਅਈਲੈਂਡ ਅਤੇ 5 ਹੋਰ ਉੱਤਰ ਪੂਰਬੀ ਰਾਜਾਂ ਦੇ 1 ਲੱਖ ਤੋਂ ਵੱਧ ਲੋਕਾਂ ਨੇ ਇਸ ਮੰਦਰ ਦੇ ਨਿਰਮਾਣ ਲਈ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਸੀ। ਇਹ ਮੰਦਰ ਡੇਢ ਸਾਲ ‘ਚ ਬਣ ਕੇ ਤਿਆਰ ਹੋ ਜਾਵੇਗਾ। ਜੇ.ਐੱਫ.ਕੇ. ਹਵਾਈ ਅੱਡੇ ‘ਤੇ ਹਰ ਰੋਜ਼ ਲਗਭਗ 2500 ਉਡਾਣਾਂ ਉਡਾਣ ਭਰਦੀਆਂ ਹਨ ਅਤੇ ਹਰ ਸਾਲ ਇੱਥੇ 6 ਕਰੋੜ ਦੇ ਕਰੀਬ ਯਾਤਰੀ ਆਉਂਦੇ ਹਨ। ਨਿਊਯਾਰਕ ਦੇ ਹਵਾਈ ਅੱਡੇ ‘ਤੇ ਸਾਰੇ ਧਰਮਾਂ ਲਈ ਆਸਥਾ ਦਾ ਸਥਾਨ ਹੋਵੇਗਾ।
ਇਸਕੋਨ ਅਮਰੀਕਾ ਦੇ ਰਾਸ਼ੇਸ਼ਵਰ ਦਾਸ ਦਾ ਕਹਿਣਾ ਹੈ ਕਿ ਜੇ.ਐੱਫ.ਕੇ. ਹਵਾਈ ਅੱਡੇ ‘ਤੇ ਕੈਥੋਲਿਕ, ਪ੍ਰੋਟੈਸਟੈਂਟ, ਮੁਸਲਿਮ ਅਤੇ ਯਹੂਦੀ ਧਰਮਾਂ ਦੇ ਪੂਜਾ ਸਥਾਨ ਹਨ ਪਰ ਇੱਥੇ ਲੰਬੇ ਸਮੇਂ ਤੋਂ ਹਿੰਦੂ ਮੰਦਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਪਹਿਲਾਂ ਇਹ ਮੰਗ ਜੇ.ਐੱਫ.ਕੇ. ਹਵਾਈ ਅੱਡੇ ਦੇ ਲਗਭਗ ਇਕ ਹਜ਼ਾਰ ਹਿੰਦੂ ਕਰਮਚਾਰੀਆਂ ਨੇ ਕੀਤੀ ਸੀ। ਉਸ ਤੋਂ ਬਾਅਦ 5 ਸਾਲਾਂ ਵਿਚ ਵੱਖ-ਵੱਖ ਜਥੇਬੰਦੀਆਂ ਨੇ ਇਸ ਮੰਗ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਸੀ। ਮੌਜੂਦਾ ਇੰਟਰਫੇਥ ਐਲੀ ਦੇ ਸਥਾਨ ‘ਤੇ ਜੇ.ਐੱਫ.ਕੇ. ਹਵਾਈ ਅੱਡੇ ਦੇ ਅੰਤਰਰਾਸ਼ਟਰੀ ਟਰਮੀਨਲ ‘ਤੇ ਇਹ ਮੰਦਰ ਬਣਾਇਆ ਜਾਵੇਗਾ। ਮੰਦਰ ਦੇ ਨਿਰਮਾਣ ਤੋਂ ਲੈ ਕੇ ਇਸ ਦੇ ਰੋਜ਼ਾਨਾ ਦੇ ਪ੍ਰਬੰਧਨ ਤੱਕ ਇਸਕਾਨ ਇੰਟਰਨੈਸ਼ਨਲ ਅਤੇ ਏਅਰਪੋਰਟ ਦੇ ਹਿੰਦੂ ਕਰਮਚਾਰੀ ਜ਼ਿੰਮੇਵਾਰ ਹੋਣਗੇ। ਮੰਦਰ ਬਣਾਉਣ ਤੋਂ ਬਾਅਦ ਹਿੰਦੂ ਧਰਮ ਦੇ ਬਾਰੇ ਗਿਆਨ ਦੇਣ ਵਿਚ ਵਧੇਰੇ ਮਦਦਗਾਰ ਹੋਵੇਗਾ।