ਨਿਊਯਾਰਕ, 29 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)-ਨਿਊਯਾਰਕ ਸ਼ਹਿਰ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਖਾਲਿਸਤਾਨ ਸਮਰਥਕਾਂ ਨੇ ਦੁਰਵਿਵਹਾਰ ਕੀਤਾ। ਦਰਅਸਲ, ਸੰਧੂ ਸੋਮਵਾਰ ਨੂੰ ਨਿਊਯਾਰਕ ਦੇ ਲੋਂਗ ਆਈਲੈਂਡ ਗੁਰਦੁਆਰੇ ‘ਚ ਗੁਰੂ ਪਰਬ (ਗੁਰੂ ਨਾਨਕ ਜੈਅੰਤੀ) ਮਨਾਉਣ ਪਹੁੰਚੇ ਸਨ। ਇੱਥੇ ਖਾਲਿਸਤਾਨ ਸਮਰਥਕਾਂ ਨੇ ਉਸ ‘ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਗਾਇਆ। ਇੱਕ ਖਾਲਿਸਤਾਨੀ ਨੂੰ ਕਹਿੰਦੇ ਸੁਣਿਆ ਗਿਆ ਕਿ ਤੁਸੀਂ ਪੰਨੂ ਨੂੰ ਮਾਰਨ ਦੀ ਸਾਜਿਸ਼ ਰਚੀ ਸੀ।
ਸ. ਸੰਧੂ ਨਾਲ ਦੁਰਵਿਵਹਾਰ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿਚ ਤਰਨਜੀਤ ਸਿੰਘ ਸੰਧੂ ਘਟਨਾ ਦੌਰਾਨ ਪੂਰੀ ਤਰ੍ਹਾਂ ਚੁੱਪ ਨਜ਼ਰ ਆ ਰਿਹਾ ਹੈ। ਜਦਕਿ ਗੁਰਦੁਆਰੇ ‘ਚ ਮੌਜੂਦ ਕੁਝ ਲੋਕ ਖਾਲਿਸਤਾਨ ਸਮਰਥਕਾਂ ਨੂੰ ਪਿੱਛੇ ਧੱਕਦੇ ਨਜ਼ਰ ਆ ਰਹੇ ਹਨ।
ਤਰਨਜੀਤ ਸਿੰਘ ਸੰਧੂ ਨਿਊਯਾਰਕ ਦੇ ਗੁਰਦੁਆਰੇ ਵਿਚ ਖਾਲਿਸਤਾਨ ਸਮਰਥਕਾਂ ਤੋਂ ਆਪਣਾ ਬਚਾਅ ਕਰਦੇ ਹੋਏ। ਖਾਲਿਸਤਾਨੀਆਂ ਨੇ ਗੁਰਦੁਆਰੇ ‘ਚੋਂ ਬਾਹਰ ਨਿਕਲਦੇ ਹੋਏ ਖਾਲਿਸਤਾਨ ਦੇ ਝੰਡੇ ਦਿਖਾਉਂਦੇ ਹੋਏ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ। ਤਰਨਜੀਤ ਸਿੰਘ ਸੰਧੂ ਜਿਵੇਂ ਹੀ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਣ ਲੱਗੇ ਤਾਂ ਉੱਥੇ ਇੱਕ ਪ੍ਰਦਰਸ਼ਨਕਾਰੀ ਨੇ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ। ਸੰਧੂ ਨੇ ਟਵੀਟ ਕੀਤਾ। ਪਰ ਇਸ ਵਿਚ ਉਸ ਨੇ ਘਟਨਾ ਦਾ ਜ਼ਿਕਰ ਨਹੀਂ ਕੀਤਾ। ਉਸ ਨੇ ਲਿਖਿਆ- ਲੌਂਗ ਆਈਲੈਂਡ ‘ਤੇ ਸਥਾਨਕ ਭਾਈਚਾਰੇ ਦਾ ਹਿੱਸਾ ਬਣਨਾ ਬਹੁਤ ਵਧੀਆ ਰਿਹਾ। ਕੀਰਤਨ ਸਰਵਣ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਏਕਤਾ, ਸਮਾਨਤਾ ਦੇ ਸੰਦੇਸ਼ ਦੀ ਗੱਲ ਕੀਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ ਤਾਜ਼ਾ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਨੇ ਅਮਰੀਕਾ ਵਿਚ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ, ਜਿਸ ਨੂੰ ਉੱਥੋਂ ਦੇ ਪ੍ਰਸ਼ਾਸਨ ਨੇ ਨਾਕਾਮ ਕਰ ਦਿੱਤਾ ਸੀ। ਹਿੰਮਤ ਸਿੰਘ ਨਾਂ ਦੇ ਵਿਅਕਤੀ ‘ਤੇ ਨਿਊਯਾਰਕ ਦੇ ਇਕ ਗੁਰਦੁਆਰੇ ‘ਚ ਸ. ਸੰਧੂ ਖਿਲਾਫ ਪ੍ਰਦਰਸ਼ਨ ਕਰਨ ਦਾ ਦੋਸ਼ ਹੈ। ਗੁਰਦੁਆਰੇ ਵਿਚ ਹੋਈ ਝਗੜੇ ਦੇ ਬਾਵਜੂਦ ਵੀ ਅਮਰੀਕਾ ਵਿਚ ਭਾਰਤੀ ਰਾਜਦੂਤ ਸੰਧੂ ਫਿਰ ਵੀ ਸੰਗਤਾਂ ਵਿਚ ਸ਼ਾਮਲ ਹੋਏ।