ਨਿਊਯਾਰਕ, 10 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਲੌਂਗ ਆਈਲੈਂਡ, ਨਿਊਯਾਰਕ ਵਿਚ ਹੋਏ ਇੱਕ ਦਰਦਨਾਕ ਹਾਦਸੇ ‘ਚ ਭਾਰਤ ਦੇ ਤੇਲਗੂ ਮੂਲ ਦੇ ਪਰਿਵਾਰ ਦੀਆਂ ਦੋ ਛੋਟੀਆਂ ਸਕੀਆਂ ਭੈਣਾਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਮਿਲੀ ਹੈ। ਭਾਰਤ ਦੇ ਤੇਲਗੂ ਮੂਲ ਦੇ ਜੋੜੇ ਦੀਆਂ ਦੋ ਛੋਟੀਆਂ ਬੱਚੀਆਂ ਹੋਲਟਸਵਿਲੇ ਵਿਚ ਅਪਾਰਟਮੈਂਟ ਵਿਚ ਰਹਿੰਦੇ ਸਨ, ਜਿਨ੍ਹਾਂ ਦਾ ਨਾਂ ਰੂਥ ਇਵੈਂਜਲਿਨ ਗੈਲੀ (4) ਅਤੇ ਸੇਲਾਹ ਗ੍ਰੇਸ ਗੈਲੀ ਸੀ। ਮ੍ਰਿਤਕ ਬੱਚੇ ਬੀਤੇ ਦਿਨੀਂ ਸ਼ਨੀਵਾਰ ਨੂੰ ਘਰੋਂ ਖੇਡਣ ਲਈ ਨਿਕਲੇ ਸਨ। ਜਦਕਿ ਉਨ੍ਹਾਂ ਦੀ ਮਾਂ ਘਰ ਵਿਚ ਸੁੱਤੀ ਪਈ ਸੀ। ਰੂਥ ਇਵੈਂਜਲਿਨ ਗੈਲੀ (4) ਸਾਲ ਅਤੇ ਸੇਲਾਹ ਗ੍ਰੇਸ ਗੈਲੀ ਦੋ ਸਾਲ ਚਾਰ ਮਹੀਨੇ ਦੇ ਕਰੀਬ ਬੀਤੇ ਦਿਨੀਂ ਸ਼ਨੀਵਾਰ ਨੂੰ ਦੋਵੇਂ ਖੇਡਣ ਲਈ ਘਰ ਤੋਂ ਬਾਹਰ ਗਈਆਂ ਸਨ। ਪਰ ਕਾਫੀ ਦੇਰ ਤੱਕ ਬੱਚੇ ਘਰ ਵਾਪਸ ਨਹੀਂ ਆਏ। ਇਸ ਲਈ ਮਾਂ ਨੇ ਘਰ ਦੇ ਚਾਰੇ ਪਾਸੇ ਉਨ੍ਹਾਂ ਦੀ ਭਾਲ ਕੀਤੀ। ਇਹ ਸੋਚ ਕੇ ਕਿ ਉਹ ਲਾਪਤਾ ਹੈ, ਉਸ ਨੇ ਤੁਰੰਤ 911 ‘ਤੇ ਪੁਲਿਸ ਨੂੰ ਕਾਲ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮੁਤਾਬਕ ਪੁਲਿਸ ਬਚਾਅ ਕਰਮਚਾਰੀਆਂ ਦੇ ਨਾਲ ਉਥੇ ਪਹੁੰਚ ਗਈ। ਬਾਅਦ ਵਿਚ ਉਨ੍ਹਾਂ ਨੇ ਅਪਾਰਟਮੈਂਟ ਦੇ ਆਸਪਾਸ ਦੇ ਇਲਾਕੇ ਵਿਚ ਤਲਾਸ਼ੀ ਲਈ, ਜਿੱਥੇ ਤੇਲਗੂ ਜੋੜਾ ਰਹਿ ਰਿਹਾ ਸੀ। ਇਸ ਸਿਲਸਿਲੇ ‘ਚ ਦੋ ਛੋਟੀਆਂ ਬੱਚੀਆਂ ਅਪਾਰਟਮੈਂਟ ਦੇ ਕੋਲ ਬਣੀ ਝੀਲ ਦੇ ਪਾਣੀ ‘ਤੇ ਤੈਰਦੀਆਂ ਦਿਖਾਈ ਦਿੱਤੀਆਂ। ਉਨ੍ਹਾਂ ਨੂੰ ਤੁਰੰਤ ਬਾਹਰ ਕੱਢ ਕੇ ਨਜ਼ਦੀਕੀ ਸਟੋਨੀ ਬਰੁੱਕ ਯੂਨੀਵਰਸਿਟੀ ਨਾਮੀਂ ਹਸਪਤਾਲ ਲਿਜਾਇਆ ਗਿਆ। ਉੱਥੇ ਜਾਂਚ ਕਰਨ ਵਾਲੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਬੱਚੇ ਪਹਿਲਾਂ ਹੀ ਮਰ ਚੁੱਕੇ ਸਨ। ਆਪਣੀਆਂ ਦੋ ਧੀਆਂ ਨੂੰ ਗੁਆਉਣ ਵਾਲੀ ਮਾਂ ਸੁਧਾ ਗੈਲੀ ਦੁਖੀ ਹੋ ਕੇ ਵਿਰਲਾਪ ਕਰ ਰਹੀ ਸੀ। ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਬੱਚਿਆਂ ਦਾ ਪਿਤਾ ਡੇਵਿਡ ਵੀਜ਼ਾ ਸਮੱਸਿਆ ਕਾਰਨ ਭਾਰਤ ‘ਚ ਹੈ। ਫੰਡ ਇਕੱਠਾ ਕਰਨ ਵਾਲੀ ਸੰਸਥਾ ਕ੍ਰਾਈਸਟਲਾਈਫ ਚਰਚ ਮੁਤਾਬਕ ਉਸ ਨੂੰ ਐਮਰਜੈਂਸੀ ਵੀਜ਼ੇ ‘ਤੇ ਅਮਰੀਕਾ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦਾ ਅੰਤਿਮ ਸੰਸਕਾਰ ਉਸ ਦੇ ਅਮਰੀਕਾ ਰਵਾਨਾ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ।