#AMERICA

ਨਿਊਯਾਰਕ ਅਦਾਲਤ ‘ਚ ਮਾਦੂਰੋ ਤੇ ਪਤਨੀ ਸਿਲੀਆ ਨੇ ਖੁਦ ਨੂੰ ਦੱਸਿਆ ਬੇਕਸੂਰ

– ਮੈਂ ਆਪਣੇ ਦੇਸ਼ ਦਾ ਰਾਸ਼ਟਰਪਤੀ ਹਾਂ : ਮਾਦੂਰੋ
– ਗ੍ਰਿਫ਼ਤਾਰੀ ਵੇਲੇ ਗੰਭੀਰ ਸੱਟਾਂ ਲੱਗਣ ਦਾ ਦਾਅਵਾ
ਨਿਊਯਾਰਕ, 7 ਜਨਵਰੀ (ਪੰਜਾਬ ਮੇਲ)- ਅਮਰੀਕਾ ਵੱਲੋਂ ਹਿਰਾਸਤ ਵਿਚ ਲਏ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੇ ਮੈਨਹਟਨ ਦੀ ਫੈਡਰਲ ਅਦਾਲਤ ਵਿਚ ਪੇਸ਼ੀ ਦੌਰਾਨ ਖ਼ੁਦ ਨੂੰ ਬੇਕਸੂਰ ਦੱਸਿਆ। ਉਨ੍ਹਾਂ ਨਸ਼ਾ ਤਸਕਰੀ ਦੇ ਦੋਸ਼ ਨਕਾਰਦਿਆਂ ਕਿਹਾ, ”ਮੈਂ ਬੇਕਸੂਰ ਹਾਂ, ਮੈਂ ਨੇਕ ਇਨਸਾਨ ਹਾਂ ਤੇ ਆਪਣੇ ਦੇਸ਼ ਦਾ ਰਾਸ਼ਟਰਪਤੀ ਹਾਂ।” ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਘਰੋਂ ਅਗਵਾ ਕੀਤਾ ਗਿਆ ਹੈ ਅਤੇ ਉਹ ਜੰਗੀ ਕੈਦੀ ਹਨ। ਮਾਦੂਰੋ ਨਾਲ ਉਨ੍ਹਾਂ ਦੀ ਪਤਨੀ ਸਿਲੀਆ ਫਲੋਰਸ ਵੀ ਅਦਾਲਤ ਵਿਚ ਪੇਸ਼ ਹੋਈ, ਜਿਸ ਨੇ ਵੀ ਦੋਸ਼ ਨਕਾਰ ਦਿੱਤੇ। ਸਿਲੀਆ ਦੇ ਮੱਥੇ ਅਤੇ ਸਿਰ ‘ਤੇ ਪੱਟੀਆਂ ਬੱਝੀਆਂ ਹੋਈਆਂ ਸਨ। ਉਨ੍ਹਾਂ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਦੀ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਦੱਸਿਆ। ਦੋਵਾਂ ਨੂੰ ਭਾਰੀ ਸੁਰੱਖਿਆ ਹੇਠ ਬਰੁਕਲਿਨ ਜੇਲ੍ਹ ਤੋਂ ਅਦਾਲਤ ਲਿਆਂਦਾ ਗਿਆ ਸੀ। ਮਾਦੂਰੋ ਦੇ ਵਕੀਲ ਬੈਰੀ ਪੋਲੈਕ ਨੇ ਦਲੀਲ ਦਿੱਤੀ ਕਿ ਮਾਦੂਰੋ ਆਪਣੇ ਦੇਸ਼ ਦੇ ਮੁਖੀ ਹਨ, ਇਸ ਲਈ ਉਨ੍ਹਾਂ ਨੂੰ ਕਾਨੂੰਨੀ ਛੋਟ ਮਿਲਣੀ ਚਾਹੀਦੀ ਹੈ। ਦੂਜੇ ਪਾਸੇ, ਅਮਰੀਕਾ ਮਾਦੂਰੋ ਨੂੰ ਜਾਇਜ਼ ਰਾਸ਼ਟਰਪਤੀ ਨਹੀਂ ਮੰਨਦਾ। ਅਦਾਲਤੀ ਦਸਤਾਵੇਜ਼ਾਂ ਵਿਚ ਮਾਦੂਰੋ ਅਤੇ ਹੋਰਾਂ ‘ਤੇ ਨਸ਼ਾ ਤਸਕਰੀ ਰਾਹੀਂ ਅਮਰੀਕਾ ਵਿਚ ਕੋਕੀਨ ਭੇਜਣ ਅਤੇ ਹੱਤਿਆਵਾਂ ਦੇ ਗੰਭੀਰ ਦੋਸ਼ ਲਾਏ ਗਏ ਹਨ। ਮਾਦੂਰੋ ਦੇ ਪੁੱਤਰ ਨਿਕੋਲਸ ਮਾਦੂਰੋ ਗੁਏਰਾ ਨੇ ਕਿਹਾ ਕਿ ਕਿਸੇ ਰਾਸ਼ਟਰਪਤੀ ਨੂੰ ਅਗਵਾ ਕਰਨਾ ਵਿਸ਼ਵ ਭਰ ਲਈ ਖ਼ਤਰਨਾਕ ਮਿਸਾਲ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਵੀ ਇਸ ਇਕਪਾਸੜ ਕਾਰਵਾਈ ‘ਤੇ ਚਿੰਤਾ ਜਤਾਈ ਹੈ।

ਡੈਲਸੀ ਨੇ ਅੰਤਰਿਮ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ

ਕਰਾਕਸ ‘ਚ ਨੈਸ਼ਨਲ ਅਸੈਂਬਲੀ ਦੇ ਮੁਖੀ ਓਰਗੇ ਰੌਡਰਿਗੁਏਜ਼ ਡੈਲਸੀ ਰੌਡਰਿਗੁਏਜ਼ ਨੂੰ ਵੈਨੇਜ਼ੁਏਲਾ ਦੀ ਕਾਇਮ ਮੁਕਾਮ ਰਾਸ਼ਟਰਪਤੀ ਦਾ ਹਲਫ਼ ਦਿਵਾਉਂਦੇ ਹੋਏ।

ਕਰਾਕਸ, (ਪੰਜਾਬ ਮੇਲ)- ਵੈਨੇਜ਼ੁਏਲਾ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਦੌਰਾਨ ਡੈਲਸੀ ਰੌਡਰਿਗਜ਼ ਨੇ ਮੁਲਕ ਦੀ ਅੰਤਰਿਮ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਉਹ ਨਿਕੋਲਸ ਮਾਦੂਰੋ ਦੇ ਕਾਰਜਕਾਲ ਦੌਰਾਨ ਉਪ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਅ ਰਹੀ ਸੀ। ਦੇਸ਼ ਦੇ ਸੰਸਦ ਭਵਨ ਵਿਚ ਸਹੁੰ ਚੁਕਾਉਣ ਦੀ ਰਸਮ ਉਨ੍ਹਾਂ ਦੇ ਭਰਾ ਅਤੇ ਨੈਸ਼ਨਲ ਅਸੈਂਬਲੀ ਦੇ ਆਗੂ ਜੌਰਜ ਰੋਡਰਿਗਜ਼ ਨੇ ਨਿਭਾਈ। ਉਨ੍ਹਾਂ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਹੈ।