#NEW ZEALAND

ਨਿਊਜ਼ੀਲੈਂਡ ਨੇ ਪੋਸਟ ਸਟੱਡੀ ਵਰਕ ਵੀਜ਼ਾ ‘ਚ ਕੀਤੇ ਬਦਲਾਅ

ਨਿਊਜ਼ੀਲੈਂਡ, 22 ਜਨਵਰੀ (ਪੰਜਾਬ ਮੇਲ)- ਨਿਊਜ਼ੀਲੈਂਡ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦੇਸ਼ ਵਿਚ ਕੰਮ ਕਰਨ ਦਾ ਮੌਕਾ ਵੀ ਮਿਲਦਾ ਹੈ। ਵਿਦੇਸ਼ੀ ਵਿਦਿਆਰਥੀ ‘ਪੋਸਟ ਸਟੱਡੀ ਵਰਕ ਵੀਜ਼ਾ’ (ਪੀ.ਐੱਸ.ਡਬਲਯੂ.ਵੀ.) ਰਾਹੀਂ ਪੜ੍ਹਾਈ ਕਰਨ ਤੋਂ ਬਾਅਦ 3 ਸਾਲਾਂ ਤੱਕ ਦੇਸ਼ ਵਿਚ ਕੰਮ ਕਰ ਸਕਦੇ ਹਨ। ਹਾਲਾਂਕਿ ਇਹ ਯੋਗਤਾ ਦੇ ਆਧਾਰ ‘ਤੇ ਤੈਅ ਹੁੰਦਾ ਹੈ ਕਿ ਕਿਸ ਨੂੰ ਕਿੰਨੇ ਸਮੇਂ ਦਾ ਪੀ.ਐੱਸ.ਡਬਲਯੂ.ਵੀ. ਮਿਲੇਗਾ। 2025 ਤੋਂ ਦੇਸ਼ ਵਿਚ ਪੀ.ਐੱਸ.ਡਬਲਯੂ.ਵੀ. ਨਿਯਮਾਂ ਵਿਚ ਵੀ ਬਦਲਾਅ ਕੀਤੇ ਗਏ ਹਨ। ਇਹ ਨਵੇਂ ਬਦਲਾਅ ਉਨ੍ਹਾਂ ਭਾਰਤੀ ਵਿਦਿਆਰਥੀਆਂ ‘ਤੇ ਵੀ ਲਾਗੂ ਹੋਣਗੇ, ਜੋ ਅਗਲੇ ਸਾਲ ਤੋਂ ਦੇਸ਼ ਵਿਚ ਪੜ੍ਹਨ ਜਾ ਰਹੇ ਹਨ।
ਨਵੇਂ ਨਿਯਮਾਂ ਦੇ ਤਹਿਤ ਪੋਸਟ ਗ੍ਰੈਜੂਏਟ ਡਿਪਲੋਮਾ (ਪੀ.ਜੀ.ਡੀ.ਆਈ.ਪੀ.) ਤੋਂ ਬਾਅਦ ਮਾਸਟਰ ਡਿਗਰੀ ਪ੍ਰਾਪਤ ਕਰਨ ਵਾਲ ਵੀ ਪੀ.ਐੱਸ.ਡਬਲਯੂ.ਵੀ. ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਨਵੇਂ ਨਿਯਮ ਭਾਰਤੀ ਵਿਦਿਆਰਥੀਆਂ ਲਈ ਨਿਊਜ਼ੀਲੈਂਡ ਵਿਚ ਪੜ੍ਹਾਈ ਕਰਨ ਤੋਂ ਬਾਅਦ ਕੰਮ ਕਰਨ ਦੇ ਨਵੇਂ ਰਸਤੇ ਖੋਲ੍ਹਣਗੇ। ਨਿਊਜ਼ੀਲੈਂਡ ਪੜ੍ਹਨ ਲਈ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀ ਚੀਨ ਅਤੇ ਭਾਰਤ ਤੋਂ ਹੁੰਦੇ ਹਨ। ਨਿਊਜ਼ੀਲੈਂਡ ਵਿਚ 15,000 ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।
ਨਿਊਜ਼ੀਲੈਂਡ ਵਿਚ ਜੇਕਰ ਕੋਈ ਵਿਦਿਆਰਥੀ 30 ਹਫ਼ਤਿਆਂ ਦਾ ਪੋਸਟ ਗ੍ਰੈਜੂਏਟ ਡਿਪਲੋਮਾ (ਪੀ.ਜੀ.ਡੀ.ਆਈ.ਪੀ.) ਕਰਦਾ ਸੀ ਅਤੇ ਫਿਰ ਸਿੱਧਾ ਮਾਸਟਰਜ਼ ਵਿਚ ਜਾਂਦਾ ਸੀ, ਤਾਂ ਉਸਨੂੰ ਪੀ.ਐੱਸ.ਡਬਲਯੂ.ਵੀ. ਨਹੀਂ ਮਿਲਦਾ ਸੀ। ਮਾਸਟਰ ਪ੍ਰੋਗਰਾਮ ਲਈ 30 ਹਫ਼ਤਿਆਂ ਦੀ ਪੜ੍ਹਾਈ ਜ਼ਰੂਰੀ ਸੀ। ਹੁਣ ਅਜਿਹੇ ਵਿਦਿਆਰਥੀ ਪੀ.ਐੱਸ.ਡਬਲਯੂ.ਵੀ. ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਨੂੰ ਸਿਰਫ਼ ਇਹ ਦਿਖਾਉਣਾ ਹੋਵੇਗਾ ਕਿ ਉਨ੍ਹਾਂ ਨੇ ਮਾਸਟਰਜ਼ ਪ੍ਰੋਗਰਾਮ ਵਿਚ ਦਾਖਲਾ ਲਿਆ ਹੈ।
ਪੀ.ਐੱਸ.ਡਬਲਯੂ.ਵੀ. ਲਈ ਅਰਜ਼ੀ ਦੇਣ ਲਈ ਕੁਝ ਨਿਯਮ ਹਨ। ਤੁਹਾਡੇ ਕੋਲ ਨਿਊਜ਼ੀਲੈਂਡ ਤੋਂ ਮਾਨਤਾ ਪ੍ਰਾਪਤ ਡਿਗਰੀ ਹੋਣੀ ਚਾਹੀਦੀ ਹੈ। ਤੁਸੀਂ ਨਿਊਜ਼ੀਲੈਂਡ ਵਿਚ ਪੂਰਾ ਸਮਾਂ ਪੜ੍ਹਾਈ ਕੀਤੀ ਹੋਵੇ ਅਤੇ ਤੁਹਾਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਅਰਜ਼ੀ ਦੇਣੀ ਹੋਵੇਗਾ। ਮੰਨ ਲਓ ਕਿ ਤੁਸੀਂ ਇੱਕ ਅਜਿਹੀ ਡਿਗਰੀ ਪੂਰੀ ਕੀਤੀ ਹੈ, ਜਿਸ ਨਾਲ ਤੁਹਾਨੂੰ ਪੀ.ਐੱਸ.ਡਬਲਯੂ.ਵੀ. ਮਿਲ ਸਕਦਾ ਹੈ। ਉਸ ਦੇ ਬਾਅਦ ਤੁਸੀਂ ਇੱਕ ਹੋਰ ਉੱਚ ਡਿਗਰੀ ਲੈ ਲਈ, ਜਿਸ ਲਈ ਪੀ.ਐੱਸ.ਡਬਲਯੂ.ਵੀ. ਨਹੀਂ ਮਿਲਦਾ (ਕਿਉਂਕਿ ਤੁਸੀਂ ਉਸ ਵਿਚ ਲੋੜੀਂਦੇ ਸਮੇਂ ਲਈ ਪੜ੍ਹਾਈ ਨਹੀਂ ਕੀਤੀ)। ਅਜਿਹੀ ਸਥਿਤੀ ਵਿਚ ਵੀ ਤੁਸੀਂ ਪੀ.ਐੱਸ.ਡਬਲਯੂ.ਵੀ. ਲਈ ਅਰਜ਼ੀ ਦੇ ਸਕਦੇ ਹੋ।
ਤੁਹਾਨੂੰ ਆਪਣੇ ਪਹਿਲੇ ਵਿਦਿਆਰਥੀ ਵੀਜ਼ੇ ਦੀ ਮਿਆਦ ਪੁੱਗਣ ਤੋਂ 12 ਮਹੀਨਿਆਂ ਦੇ ਅੰਦਰ ਅਰਜ਼ੀ ਦੇਣੀ ਪਵੇਗੀ। ਇਹ ਬਦਲਾਅ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਰਸਤਾ ਚੁਣਨ ਵਿਚ ਵਧੇਰੇ ਆਜ਼ਾਦੀ ਦਿੰਦੇ ਹਨ। ਇਹ ਯਕੀਨੀ ਕਰਦੇ ਹਨ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਮ ਕਰ ਸਕਣ। ਜੇਕਰ ਤੁਸੀਂ 3 ਸਾਲਾਂ ਦਾ ਪੀ.ਐੱਸ.ਡਬਲਯੂ.ਵੀ. ਚਾਹੁੰਦੇ ਹੋ, ਤਾਂ ਤੁਹਾਨੂੰ ਮਾਸਟਰਜ਼ ਪ੍ਰੋਗਰਾਮ ਵਿਚ ਘੱਟੋ-ਘੱਟ 30 ਹਫ਼ਤੇ ਪੂਰੇ ਸਮੇਂ ਦੀ ਪੜ੍ਹਾਈ ਕਰਨ ਦੀ ਲੋੜ ਹੋਵੇਗੀ।