#AMERICA

ਨਿਊਜਰਸੀ ਵਿਚ ਬਿਨਾਂ ਦਸਤਾਵੇਜ਼ ਲੋਕਾਂ ਦੀ ਗ੍ਰਿਫਤਾਰੀ ਉਪਰੰਤ ਦਹਿਸ਼ਤ ਦਾ ਮਾਹੌਲ : ਮੇਅਰ

ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਜਰਸੀ ਦੇ ਮੇਅਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਬੀਤੇ ਦਿਨੀਂ ਸੰਘੀ ਏਜੰਟਾਂ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿਚ ਲੈਣ ਉਪਰੰਤ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ, ਜਦਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਆਯੋਜਿਤ ਕਾਰਵਾਈ ਸੀ। ਨਿਊਆਰਕ ਦੇ ਮੇਅਰ ਰਸ ਬਰਾਕਾ ਨੇ ਕਿਹਾ ਹੈ ਕਿ ਸੰਘੀ ਏਜੰਟਾਂ ਨੇ ਇਕ ਸਥਾਨਕ ਕਾਰੋਬਾਰੀ ਅਦਾਰੇ ਉਪਰ ਛਾਪਾ ਮਾਰਿਆ ਤੇ ਬਿਨਾਂ ਦਸਤਾਵੇਜ ਲੋਕਾਂ ਦੇ ਨਾਲ-ਨਾਲ ਅਮਰੀਕੀ ਸ਼ਹਿਰੀਆਂ ਨੂੰ ਵੀ ਪ੍ਰੇਸ਼ਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਘੀ ਏਜੰਟਾਂ ਨੇ ਬਿਨਾਂ ਵਾਰੰਟ ਵਿਖਾਇਆਂ ਇਹ ਕਾਰਵਾਈ ਕੀਤੀ ਹੈ ਤੇ ਅਜਿਹਾ ਕਰਕੇ ਉਨ੍ਹਾਂ ਨੇ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ। ਮੇਅਰ ਅਨੁਸਾਰ ਹਿਰਾਸਤ ਵਿਚ ਲਏ ਲੋਕਾਂ ਵਿਚ ਇਕ ਅਮਰੀਕੀ ਫੌਜ ਦਾ ਸਾਬਕਾ ਜਵਾਨ ਵੀ ਸ਼ਾਮਿਲ ਹੈ, ਜਿਸ ਦੇ ਫੌਜ ਦੇ ਦਸਤਾਵੇਜ਼ਾਂ ਦੀ ਯੋਗਤਾ ਅੱਗੇ ਸਵਾਲੀਆ ਚਿੰਨ੍ਹ ਲਾ ਕੇ ਉਸ ਦਾ ਅਪਮਾਨ ਕੀਤਾ ਗਿਆ ਹੈ। ਇਮੀਗ੍ਰੇਸ਼ਨ ਪ੍ਰਬੰਧਕ ਜੂਲੀਆ ਓਰਟਿਜ਼ ਤੇ ਨਿਊਆਰਕ ਦੇ ਇਕ ਸਥਾਨਕ ਪ੍ਰਵਾਸ ਹੱਕਾਂ ਬਾਰੇ ਸਮੂਹ ਨੇ ਕਿਹਾ ਹੈ ਕਿ ਛਾਪੇ ਦੌਰਾਨ ਏਜੰਟਾਂ ਦੁਆਰਾ ਕੁੱਲ 8 ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ 3 ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਇਕ ਬੁਲਾਰੇ ਨੇ ਇਕ ਅਮਰੀਕੀ ਸ਼ਹਿਰੀ ਨੂੰ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਕੀਤੀ ਹੈ ਪਰੰਤੂ ਇਸ ਸਬੰਧੀ ਅਗਲੀ ਜਾਂਚ ਪੜਤਾਲ ਬਾਰੇ ਕੁਝ ਨਹੀਂ ਕਿਹਾ ਹੈ। ਬੁਲਾਰੇ ਨੇ ਕਿਹਾ ਹੈ ਕਿ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਅਧਿਕਾਰੀਆਂ ਵੱਲੋਂ ਕਾਰਵਾਈ ਦੌਰਾਨ ਉਨ੍ਹਾਂ ਦਾ ਸਾਹਮਣਾ ਅਮਰੀਕੀ ਸ਼ਹਿਰੀਆਂ ਨਾਲ ਵੀ ਹੋ ਸਕਦਾ ਹੈ ਤੇ ਉਹ ਉਨ੍ਹਾਂ ਨੂੰ ਆਪਣੀ ਪਛਾਣ ਦੱਸਣ ਲਈ ਕਹਿ ਸਕਦੇ ਹਨ, ਜਿਵੇਂ ਕਿ ਨਿਊਆਰਕ, ਨਿਊਜਰਸੀ ਵਿਚ ਇਕ ਕੰਮ ਵਾਲੇ ਸਥਾਨ ‘ਤੇ ਛਾਪੇ ਦੌਰਾਨ ਹੋਇਆ ਹੈ।