#AMERICA

ਨਿਊਜਰਸੀ ਦਾ ਹਰਸ਼ ਪਟੇਲ ਕਤਲ ਦੀ ਕੋਸ਼ਿਸ਼ ‘ਚ ਗ੍ਰਿਫਤਾਰ

ਨਿਊਜਰਸੀ, 19 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਨਿਊਜਰਸੀ ਪੁਲਿਸ ਨੇ ਇਕ ਭਾਰਤੀ ਗੁਜਰਾਤੀ ਹਰਸ਼ ਪਟੇਲ ਨੂੰ ਇੱਕ ਲੜਕੀ ‘ਤੇ ਜਾਨਲੇਵਾ ਚਾਕੂ ਮਾਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। 30 ਸਾਲਾਂ ਦੀ ਇਕ ਲੜਕੀ ਨੂੰ ਚਾਕੂ ਮਾਰ ਕੇ ਫਰਾਰ ਹੋਏ ਹਰਸ਼ ਪਟੇਲ ਨੂੰ ਉਸ ਦੇ ਘਰੋਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਲੜਕੀ ‘ਤੇ ਹਮਲੇ ਦੇ ਪਿੱਛੇ ਦਾ ਕਾਰਨ ਅਜੇ ਵੀ ਭੇਤ ਭਰਿਆ ਬਣਿਆ ਹੋਇਆ ਹੈ। ਦੋਸ਼ ਸਾਬਤ ਹੋਣ ‘ਤੇ ਉਸ ਨੂੰ ਇਕ ਲੰਬੀ ਸਜ਼ਾ ਹੋ ਸਕਦੀ ਹੈ ।
ਨਿਊਜਰਸੀ ਦੀ ਗਲਵੁੱਡ ਕਲਿਫ ਪੁਲਿਸ ਨੇ ਐਤਵਾਰ ਨੂੰ 29 ਸਾਲਾ ਹਰਸ਼ ਪਟੇਲ ਨੂੰ ਗ੍ਰਿਫਤਾਰ ਕੀਤਾ। ਨਿਊਜਰਸੀ ਦੀ ਬਰਗਨ ਕਾਉਂਟੀ ਦੇ ਵਕੀਲ ਮਾਰਕ ਮੁਸੇਲਾ ਦੇ ਮੁਤਾਬਕ, ਹਰਸ਼ ਪਟੇਲ ਨੇ ਇੱਕ ਪਾਰਕਿੰਗ ਵਿਚ ਪੀੜਤਾ ‘ਤੇ ਹਮਲਾ ਕੀਤਾ। ਜਦੋਂ ਉਹ ਆਪਣੀ ਕਾਰ ਵਿਚ ਸੀ, ਤਾਂ ਹਰਸ਼ ਪੀੜਤਾਂ ਕੋਲ ਪਹੁੰਚਿਆ ਅਤੇ ਉਸ ਦੀ ਕਾਰ ਦੀ ਖਿੜਕੀ ਦਾ ਸ਼ੀਸ਼ਾ ਖੜਕਾਇਆ। ਪੀੜਤ ਨੇ ਕਾਰ ਦੀ ਖਿੜਕੀ ਦੇ ਸ਼ੀਸ਼ੇ ਹੇਠਾਂ ਕਰ ਦਿੱਤੇ। ਹਰਸ਼ ਪਟੇਲ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਰਸ਼ ਪਟੇਲ ਨੇ ਪੀੜਤਾ ਦੇ ਗਲੇ ‘ਚ ਚਾਕੂ ਮਾਰਨਾ ਚਾਹਿਆ ਪਰ ਦੋਵਾਂ ਵਿਚਾਲੇ ਹੋਏ ਝਗੜੇ ਦੌਰਾਨ ਪੀੜਤ ਲੜਕੀ ਦੇ ਹੱਥ ‘ਤੇ ਚਾਕੂ ਦਾ ਜ਼ਖਮ ਹੋ ਗਿਆ ਅਤੇ ਹਰਸ਼ ਮੌਕੇ ‘ਤੋਂ ਫਰਾਰ ਹੋ ਗਿਆ।
ਹਰਸ਼ ‘ਤੇ ਦੂਜੇ ਦਰਜੇ ਦੇ ਹਮਲੇ ਤੋਂ ਇਲਾਵਾ ਪਹਿਲੀ ਡਿਗਰੀ ਕਤਲ ਦੀ ਕੋਸ਼ਿਸ਼ ਦਾ ਦੋਸ਼ ਹੈ। ਨਿਊਜਰਸੀ ਦੇ ਕਾਨੂੰਨ ਅਨੁਸਾਰ, ਕਤਲ ਕਰਨ ਦੀ ਪਹਿਲੀ-ਡਿਗਰੀ ਦੀ ਕੋਸ਼ਿਸ਼ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਹੁੰਦੀ ਹੈ, ਜਦੋਂਕਿ ਦੂਜੀ-ਡਿਗਰੀ ਦੇ ਹਮਲੇ ਦੇ ਦੋਸ਼ ਵਿਚ ਪੰਜ ਤੋਂ ਦਸ ਸਾਲ ਦੀ ਕੈਦ ਦੇ ਨਾਲ 1.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੁੰਦਾ ਹੈ।