#AMERICA

ਨਿਊਜਰਸੀ ‘ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ

-ਭਾਰਤੀ ਮੂਲ ਦੇ ਵਿਦਿਆਰਥੀਆਂ ਤੇ ਪੇਸ਼ੇਵਰਾਂ ਦੀ ਬਚੀ ਜਾਨ
ਨਿਊਯਾਰਕ, 17 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਨਿਊਜਰਸੀ ਸ਼ਹਿਰ ‘ਚ ਇਮਾਰਤ ਵਿਚ ਅੱਗ ਲੱਗਣ ਕਾਰਨ ਬੇਘਰ ਹੋਏ ਦਰਜਨਾਂ ਵਿਅਕਤੀਆਂ ਵਿਚ ਕੁਝ ਭਾਰਤੀ ਵਿਦਿਆਰਥੀ ਅਤੇ ਪੇਸ਼ੇਵਰ ਸ਼ਾਮਲ ਹਨ। ਇਮਾਰਤ ਵਿਚ ਰਹਿਣ ਵਾਲਿਆਂ ਜਾਂ ਅੱਗ ਬੁਝਾਉਣ ਵਾਲਿਆਂ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਅੱਗ 77 ਨੈਲਸਨ ਐਵੇਨਿਊ ਵਿਖੇ ਬਹੁ-ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਪਹਿਲੀ ਅਤੇ ਦੂਜੀ ਮੰਜ਼ਿਲ ਅਤੇ ਫਿਰ ਛੱਤ ਤੱਕ ਫੈਲ ਗਈ। ਅੱਗ ਨਾਲ ਗੁਆਂਢੀ ਇਮਾਰਤ ਦੀ ਛੱਤ ਵੀ ਨੁਕਸਾਨੀ ਗਈ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਅੱਗ ਨਾਲ ਪ੍ਰਭਾਵਿਤ ਭਾਰਤੀਆਂ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ।