#AMERICA

ਨਿਊਜਰਸੀ ‘ਚ ਭਾਰਤੀ ਨੌਜਵਾਨਾਂ ਵੱਲੋਂ ਫੋਨ ਕੰਪਨੀਆਂ ਨਾਲ 9 ਮਿਲੀਅਨ ਡਾਲਰ ਦੀ ਧੋਖਾਧੜੀ

ਨਿਊਜਰਸੀ, 7 ਜੂਨ (ਰਾਜ ਗੋਗਨਾ/ਪੰਜਾਬ ਮੇਲ) – ਅਮਰੀਕਾ ਦੇ ਨਿਊਜਰਸੀ ਸੂਬੇ ਵਿਚ ਇੱਕ ਭਾਰਤੀ ਨੌਜਵਾਨ ਫੋਨ ਘੁਟਾਲੇ ਵਿਚ ਸ਼ਾਮਲ ਹੋਇਆ ਅਤੇ ਉਸ ਦਾ ਜੁਰਮ ਸਾਬਤ ਹੋ ਚੁੱਕਾ ਹੈ। ਉਸ ਨੇ ਕੁਝ ਹੋਰ ਲੋਕਾਂ ਦੀ ਮਦਦ ਨਾਲ ਰਿਪਲੇਸਮੈਂਟ ਫ਼ੋਨ ਲੈਣ ਲਈ ਇੱਕ ਨੈੱਟਵਰਕ ਬਣਾਇਆ ਸੀ। ਨਵੇਂ ਫ਼ੋਨ ਵਿਦੇਸ਼ਾਂ ਵਿਚ ਵੇਚੇ ਜਾਂਦੇ ਸਨ। ਲੋਕਾਂ ਵੱਲੋਂ ਐਪਲ ਵਰਗੀਆਂ ਕੰਪਨੀਆਂ ਨੂੰ ਨਕਲੀ ਫੋਨ ਭੇਜਣ ਅਤੇ ਉਸ ਦੇ ਬਦਲੇ ਨਵੇਂ ਫੋਨ ਲੈਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਸ ਘਪਲੇ ‘ਚ ਨਿਊਜਰਸੀ ਵਿਚ ਰਹਿਣ ਵਾਲਾ 36 ਸਾਲਾ ਭਾਰਤੀ ਸੰਦੀਪ ਬੰਗੇਰਾ ਇਸ ਘਪਲੇ ਵਿਚ ਸ਼ਾਮਲ ਹੈ, ਜਿਸ ਨੇ ਸੰਨ 2013 ਅਤੇ 2019 ਦੇ ਵਿਚਕਾਰ, ਲੋਕਾਂ ਦੀ ਚੋਰੀ ਅਤੇ ਜਾਅਲੀ ਪਛਾਣਾਂ ਦੀ ਵਰਤੋਂ ਕਰਕੇ ਫੋਨ ਪ੍ਰਾਪਤ ਕੀਤੇ।
ਉਸ ਨੇ ਜਾਅਲੀ ਪਛਾਣਾਂ ਦੀ ਵਰਤੋਂ ਕਰਕੇ ਫੋਨ ਅਤੇ ਬੀਮਾ ਕੰਪਨੀਆਂ ਨਾਲ ਧੋਖਾਧੜੀ ਕੀਤੀ। ਇਸ ਭਾਰਤੀ ਨੇ ਫੋਨ ਅਤੇ ਬੀਮਾ ਕੰਪਨੀਆਂ ਨਾਲ ਹੁਣ ਤੱਕ 9 ਮਿਲੀਅਨ ਡਾਲਰ ਦੀ ਠੱਗੀ ਮਾਰੀ ਹੈ। ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਵੀ ਉਸ ਨੇ ਅਦਾਲਤ ਵਿਚ ਸਵੀਕਾਰ ਕਰ ਲਿਆ। ਨਿਊਜਰਸੀ ‘ਚ ਰਹਿਣ ਵਾਲਾ 36 ਸਾਲਾ ਭਾਰਤੀ ਸੰਦੀਪ ਬੰਗੇਰਾ ਇਸ ਸਮੇਂ ਫੋਨਾਂ ਅਤੇ ਬੀਮਾ ਕੰਪਨੀਆਂ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ ਚਰਚਾ ‘ਚ ਹੈ, ਜਿਸ ਨੇ ਅਮੀਰ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ। ਉਸ ਨੇ ਮੰਨਿਆ ਹੈ ਕਿ ਸੰਨ 2013 ਅਤੇ 2019 ਵਿਚਕਾਰ ਚੋਰੀ ਕੀਤੇ ਅਤੇ ਜਾਅਲੀ ਪਛਾਣਾਂ ਦੀ ਵਰਤੋਂ ਕਰਦੇ ਹੋਏ ਸੈੱਲ ਫੋਨ ਬਦਲਣ ਦੇ ਜਾਅਲੀ ਦਾਅਵੇ ਕੀਤੇ। ਇਹ ਫੋਨ ਅਸਲ ਵਿਚ ਸੰਯੁਕਤ ਰਾਜ (ਅਮਰੀਕਾ) ਤੋਂ ਬਾਹਰ ਵੇਚੇ ਗਏ ਸਨ।
ਸੰਦੀਪ ਨੂੰ ਹੁਣ 20 ਸਾਲ ਤੱਕ ਦੀ ਕੈਦ ਅਤੇ ਲੱਖਾਂ ਡਾਲਰਾਂ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਨੂੰ ਅਕਤੂਬਰ ਵਿਚ ਅਦਾਲਤ ਵੱਲੋ ਸਜ਼ਾ ਸੁਣਾਈ ਜਾਵੇਗੀ। ਸੰਦੀਪ ਬੰਗੇਰਾ ਖ਼ਿਲਾਫ਼ ਕੀਤੀ ਗਈ ਜਾਂਚ ਤੋਂ ਪਤਾ ਚੱਲਿਆ ਹੈ ਕਿ ਉਹ 6 ਸਾਲਾਂ ਤੋਂ ਇਹ ਘੁਟਾਲਾ ਕਰ ਰਿਹਾ ਸੀ। ਹੋਰਾਂ ਦੇ ਨਾਲ ਮਿਲ ਕੇ ਉਹ ਸੰਯੁਕਤ ਰਾਜ ਵਿਚ ਮੇਲਬਾਕਸਾਂ ਅਤੇ ਸਟੋਰੇਜ ਯੂਨਿਟਾਂ ਦਾ ਇੱਕ ਨੈਟਵਰਕ ਚਲਾਉਂਦਾ ਸੀ ਅਤੇ ਬਦਲਵੇਂ ਉਪਕਰਣ ਪ੍ਰਾਪਤ ਕਰਦਾ ਸੀ। ਫਿਰ ਉਨ੍ਹਾਂ ਨੂੰ ਦੁਬਾਰਾ ਵੇਚਦਾ ਸੀ। ਨੇਵਾਰਕ (ਨਿਊਜਰਸੀ) ਦੇ ਸੰਦੀਪ ਨੇ ਫੈਡਰਲ ਅਦਾਲਤ ਵਿਚ ਮੇਲ ਫਰਾਡ ਕਰਨ ਦੀ ਸਾਜ਼ਿਸ਼ ਰਚਣ ਦੇ ਇੱਕ ਮਾਮਲੇ ਵਿਚ ਆਪਣੇ ਆਪ ਨੂੰ ਦੋਸ਼ੀ ਮੰਨਿਆ। ਉਸ ਉੱਤੇ ਬਣੇ ਕੇਸ ਦੇ ਵੇਰਵਿਆਂ ਵਿਚ ਦੋਸ਼ ਲਾਇਆ ਗਿਆ ਹੈ ਕਿ 2013 ਤੋਂ 2019 ਦਰਮਿਆਨ, ਸੰਦੀਪ ਨੇ ਅਮਰੀਕੀ ਮੇਲ ਸਿਸਟਮ ਅਤੇ ਹੋਰ ਥਰਡ-ਪਾਰਟੀ ਕੈਰੀਅਰਾਂ ਦੀ ਵਰਤੋਂ ਫੋਨ ਕੰਪਨੀਆਂ ਅਤੇ ਬੀਮਾ ਕੰਪਨੀਆਂ ਨੂੰ ਲਗਭਗ 9 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ।
ਸੰਦੀਪ ਬੇਂਗੇਰਾ ਅਤੇ ਉਸ ਦੇ ਸਾਥੀਆਂ ਨੇ ਚੋਰੀ ਅਤੇ ਜਾਅਲੀ ਪਛਾਣਾਂ ਦੀ ਵਰਤੋਂ ਝੂਠੇ ਤੌਰ ‘ਤੇ ਦਾਅਵਾ ਕਰਨ ਲਈ ਕੀਤੀ ਸੀ ਕਿ ਉਨ੍ਹਾਂ ਦੇ ਫ਼ੋਨ ਚੋਰੀ ਹੋ ਗਏ, ਗੁਆਚ ਗਏ ਜਾਂ ਖ਼ਰਾਬ ਹੋ ਗਏ ਅਤੇ ਬਦਲੇ ਜਾਣ। ਇਸ ਕੇਸ ਵਿਚ ਧਨੰਜੈ ਪ੍ਰਤਾਪ ਸਿੰਘ ਨਾਂ ਦੇ ਇੱਕ ਮੁਲਜ਼ਮ ਦਾ ਨਾਮ ਵੀ ਸ਼ਾਮਲ ਹੈ, ਜੋ ਇਸ ਸਾਜ਼ਿਸ਼ ਵਿਚ ਸ਼ਾਮਲ ਸੀ ਪਰ ਉਸ ਉੱਤੇ ਕੋਈ ਦੋਸ਼ ਨਹੀਂ ਲਗਾਇਆ ਗਿਆ। ਧਨੰਜੈ ਪ੍ਰਤਾਪ ਸਿੰਘ ਦਿੱਲੀ ਤੋਂ ਕੰਮ ਕਰਦਾ ਸੀ। ਇਸ ਤੋਂ ਇਲਾਵਾ ਪਰਾਗ ਭਾਵਸਰ ਨਾਂ ਦਾ ਇਕ ਨੌਜਵਾਨ ਵੀ ਇਸ ਸਾਰੀ ਧੋਖਾਧੜੀ ਵਿਚ ਸ਼ਾਮਲ ਸੀ। ਪਰਾਗ ਭਾਵਸਰ ਨੇਵਾਰਕ ਦਾ ਰਹਿਣ ਵਾਲਾ ਹੈ। ਇਨ੍ਹਾਂ ਲੋਕਾਂ ਨੇ ਅਮਰੀਕਾ ਵਿਚ ਘੁਟਾਲਾ ਕਰਕੇ 9 ਮਿਲੀਅਨ ਡਾਲਰ ਦੇ ਬਦਲੇ ਹੋਏ ਫੋਨ ਹਾਸਲ ਕੀਤੇ। ਇਸ ਤੋਂ ਇਲਾਵਾ ਅਮਰੀਕਾ ‘ਚ ਚੋਰੀ ਹੋਏ ਸਮਾਨ ਦੀ ਅੰਤਰਰਾਜੀ ਤਬਾਦਲੇ ‘ਤੇ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਅਤੇ ਢਾਈ ਲੱਖ ਡਾਲਰ ਦੇ ਜੁਰਮਾਨੇ ਦੀ ਸਜ਼ਾ ਹੈ। ਸੰਦੀਪ ਬੰਗੇਰਾ ਨੂੰ ਅਦਾਲਤ ਵੱਲੋਂ 10 ਅਕਤੂਬਰ 2024 ਨੂੰ ਸਜ਼ਾ ਸੁਣਾਈ ਜਾਵੇਗੀ।