-ਇਕ ਵਿਅਕਤੀ ਵਿਰੁੱਧ ਦੋਸ਼ ਦਾਇਰ
ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਜੈਕਸਨ ਟਾਊਨਸ਼ਿੱਪ, ਨਿਊ ਜਰਸੀ ‘ਚ ਜੰਗਲ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਇਕ ਵਿਅਕਤੀ ਵਿਰੁੱਧ ਅੱਗ ਲਾਉਣ ਦੇ ਦੋਸ਼ ਦਾਇਰ ਕੀਤੇ ਗਏ ਹਨ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਅੱਗ ਰਿਚਰਡ ਸ਼ਾਸ਼ੈਟੀ (37) ਨਾਮੀ ਵਿਅਕਤੀ ਵੱਲੋਂ ਗੈਰਕਾਨੂੰਨੀ ਸ਼ਾਟਗੰਨ ਤੋਂ ਚਲਾਈ ਗੋਲੀ ਨਾਲ ਲੱਗੀ ਹੈ। ਉਸ਼ੀਅਨ ਕਾਊਂਟੀ ਦੇ ਸਰਕਾਰੀ ਵਕੀਲ ਬਰਾਡਲੀ ਡਾ. ਬਿਲਹਿਮਰ ਤੇ ਨਿਊਜਰਸੀ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਵਿਭਾਗ ਦੇ ਕਮਿਸ਼ਨਰ ਸ਼ਾਨ ਐੱਮ ਲਾ ਟੋਰੇਟ ਨੇ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਰਿਚਰਡ ਸ਼ਾਸ਼ੈਟੀ ਵਿਰੁੱਧ ਅੱਗ ਲਾਉਣ ਤੇ ਹੱਥਿਆਰਾਂ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਦਾਇਰ ਕੀਤੇ ਗਏ ਹਨ। ਸ਼ਾਸ਼ੈਟੀ ਨੇ ਵਕੀਲ ਸਮੇਤ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉਸ ਨੂੰ ਗ੍ਰਿਫਤਾਰੀ ਬਾਰੇ ਸੁਣਵਾਈ ਤੱਕ ਉਸ਼ੀਅਨ ਕਾਊਂਟੀ ਜੇਲ੍ਹ ਵਿਚ ਰੱਖਿਆ ਗਿਆ ਹੈ। ਨਿਊਜਰਸੀ ਫੌਰੈਸਟ ਫਾਇਰ ਸਰਵਿਸ ਅਨੁਸਾਰ ਬੀਤੇ ਹਫਤੇ ਬੁੱਧਵਾਰ ਨੂੰ ਜੰਗਲ ਨੂੰ ਲੱਗੀ ਅੱਗ ਕਾਰਨ 15 ਘਰਾਂ ਨੂੰ ਖਾਲੀ ਕਰਵਾਉਣਾ ਪਿਆ ਸੀ ਤੇ 25 ਹੋਰ ਘਰਾਂ ਨੂੰ ਖਤਰਾ ਪੈਦਾ ਹੋ ਗਿਆ ਸੀ। ਅੱਗ ਬੁਝਾਉਣ ਉਪਰੰਤ ਉਸੇ ਦਿਨ ਹੀ ਦੇਰ ਗਏ ਲੋਕਾਂ ਨੂੰ ਵਾਪਸ ਘਰਾਂ ‘ਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।