ਸੈਕਰਾਮੈਂਟੋ, 17 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਜਰਸੀ ਦੇ ਇਕ ਘਰ ਵਿਚ ਇਕ ਜੋੜੇ ਵੱਲੋਂ ਇਕ ਨਾਬਾਲਗ ਲੜਕੀ ਨੂੰ ਉਸ ਦੀ ਛੋਟੀ ਭੈਣ ਸਮੇਤ ਕਈ ਸਾਲ ਕੁੱਤੇ ਵਾਲੇ ਖੁੱਡੇ ਵਿਚ ਕੈਦ ਕਰਕੇ ਰੱਖਣ ਦੀ ਖਬਰ ਹੈ, ਜਿਸ ਦੌਰਾਨ ਉਸ ਉਪਰ ਤਸ਼ੱਦਦ ਵੀ ਕੀਤਾ ਗਿਆ। ਇਹ ਪ੍ਰਗਟਾਵਾ ਵਕੀਲਾਂ ਨੇ ਜਾਰੀ ਇਕ ਬਿਆਨ ਵਿਚ ਕੀਤਾ ਹੈ। ਪੁਲਿਸ ਨੇ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਬਿਆਨ ਅਨੁਸਾਰ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਲੜਕੀ ਜੋ ਹੁਣ 18 ਸਾਲਾਂ ਦੀ ਹੋ ਚੁੱੱਕੀ ਹੈ, ਇਕ ਗੁਆਂਢੀ ਦੀ ਮਦਦ ਨਾਲ ਕੈਦ ਵਿਚੋਂ ਫਰਾਰ ਹੋਣ ਵਿਚ ਸਫਲ ਹੋ ਗਈ। ਗਲੂਸੈਸਟਰ ਟਾਊਨਸ਼ਿੱਪ ਪੁਲਿਸ ਮੁਖੀ ਡੇਵਿਡ ਹਾਰਕਿਨਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਘਿਣਾਉਣਾ ਮਾਮਲਾ ਹੈ, ਜਿਸ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਹੈ। ਹਾਰਕਿਨਸ ਨੇ ਕਿਹਾ ਕਿ ਸੂਚਨਾ ਮਿਲਣ ‘ਤੇ ਪੁਲਿਸ ਨੇ ਲੜਕੀ ਨੂੰ ਇਕ ਗਰੌਸਰੀ ਸਟੋਰ ਵਿਚੋਂ ਬਰਾਮਦ ਕਰ ਲਿਆ, ਜਿਥੇ ਗੁਆਂਢੀ ਵੀ ਉਸ ਦੇ ਨਾਲ ਸੀ। ਪੁਲਿਸ ਨੇ ਕਿਹਾ ਹੈ ਕਿ ਬਰੈਂਡਾ ਸਪੈਨਸਰ (38) ਤੇ ਉਸ ਦੇ ਪਤੀ ਬਰੈਂਡਾ ਮੋਸਲੀ (41) ਨੂੰ ਗਲੂਸੈਸਟਰ ਟਾਊਨਸ਼ਿੱਪ ਵਿਚ ਉਨ੍ਹਾਂ ਦੇ ਘਰ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਵਿਰੁੱਧ ਅਗਵਾ ਕਰਨ ਸਮੇਤ ਅਣਮਨੁੱਖੀ ਤਸ਼ੱਦਦ ਦੇ ਦੋਸ਼ ਲਾਏ ਗਏ ਹਨ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ 2018 ‘ਚ ਸਕੂਲ ਵਿਚੋਂ ਹਟਾਉਣ ਉਪਰੰਤ ਉਸ ਉਪਰ ਤਸ਼ੱਦਦ ਸ਼ੁਰੂ ਹੋ ਗਿਆ ਸੀ। ਉਸ ਨੂੰ ਅੰਦਾਜ਼ਨ ਇਕ ਸਾਲ ਕੁੱਤੇ ਵਾਲੇ ਖੁੱਡੇ ਵਿਚ ਰੱਖਿਆ ਗਿਆ ਤੇ ਉਪਰੰਤ ਤਾਲਾਬੰਦ ਬਾਥਰੂਮ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ।
ਨਿਊਜਰਸੀ ‘ਚ ਇਕ ਜੋੜਾ ਨਾਬਾਲਗ ਲੜਕੀ ਨੂੰ ਕਈ ਸਾਲ ਕੈਦ ‘ਚ ਰੱਖ ਕੇ ਤਸ਼ੱਦਦ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ
