#CANADA

ਨਿਆਗਰਾ ਫਾਲ ਪੁਲ ਨੇੜੇ ਕਾਰ ਧਮਾਕੇ ‘ਚ ਦੋ ਹਲਾਕ

ਉੱਚ ਪੱਧਰੀ ਜਾਂਚ ਸ਼ੁਰੂ; ਸਰਹੱਦੀ ਲਾਂਘਾ ਬੰਦ
ਵੈਨਕੂਵਰ, 24 ਨਵੰਬਰ (ਪੰਜਾਬ ਮੇਲ)- ਅਮਰੀਕਾ ਤੇ ਕੈਨੇਡਾ ਨੂੰ ਜੋੜਦੇ ਨਿਆਗਰਾ ਫਾਲ ਵਾਲੇ ਰੇਨਬੋਅ ਬ੍ਰਿਜ ਕੋਲ ਅਮਰੀਕਾ ਦਾਖਲੇ ਵਾਲੀ ਚੈੱਕ ਪੋਸਟ ‘ਤੇ ਇੱਕ ਕਾਰ ਵਿਚ ਧਮਾਕਾ ਹੋਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਅਧਿਕਾਰੀ ਜ਼ਖ਼ਮੀ ਹੋ ਗਿਆ। ਧਮਾਕੇ ਮਗਰੋਂ ਲਾਂਘੇ ਦੀ ਆਵਾਜਾਈ ਬੰਦ ਕਰ ਦਿੱਤੀ ਗਈ, ਜੋ ਜਾਂਚ ਮੁਕੰਮਲ ਹੋਣ ਤੱਕ ਬੰਦ ਰਹੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਕੈਨੇਡਾ ਵਾਲੇ ਪਾਸਿਓਂ ਅਮਰੀਕਾ ‘ਚ ਦਾਖ਼ਲ ਹੋਣ ਵਾਲੀ ਸੀ। ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ (ਐੱਫ.ਬੀ.ਆਈ.) ਦੇ ਬਫਲੋ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸਥਾਨਕ ਅਤੇ ਸੂਬਾਈ ਪੁਲਿਸ ਸਣੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਜਾਂਚ ਜਾਰੀ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਘਟਨਾ ਨੂੰ ਅੱਤਵਾਦ ਨਾਲ ਜੁੜੇ ਹੋਣ ਤੋਂ ਨਕਾਰਿਆ। ਹਾਲਾਂਕਿ ਉਨ੍ਹਾਂ ਕਿਹਾ ਕਿ ਧਮਾਕੇ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੇਖੀ। ਧਮਾਕੇ ਮਗਰੋਂ ਰੇਨਬੋਅ ਬ੍ਰਿਜ ਲਾਂਘੇ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਾਲੇ ਪਾਸਿਓਂ ਆਈ ਕਾਰ ਨੇ ਬੜੀ ਤੇਜ਼ੀ ਨਾਲ ਰੇਨਬੋਅ ਪੁਲ ਪਾਰ ਕੀਤਾ ਤੇ ਸਪੀਡ ਬ੍ਰੇਕਰਾਂ ਦੀ ਪ੍ਰਵਾਹ ਕੀਤੇ ਬਿਨਾਂ ਅਮਰੀਕਾ ਦੇ ਕਸਟਮ ਤੇ ਸਰਹੱਦੀ ਸੁਰੱਖਿਆ (ਸੀ.ਬੀ.ਪੀ.) ਨਾਕੇ ਵਿਚ ਟੱਕਰ ਮਾਰੀ, ਜਿਸ ਕਾਰਨ ਤੇਜ਼ ਧਮਾਕਾ ਹੋਇਆ ਤੇ ਕਾਰ ਟੁਕੜੇ-ਟੁਕੜੇ ਹੋ ਕੇ ਕਈ ਫੁੱਟ ਉੱਚੀ ਉੱਡੀ ਤੇ ਫਿਰ ਦੂਰ ਤੱਕ ਖਿਲਰ ਗਈ। ਹਾਲਾਂਕਿ ਕਾਰ ਦਾ ਇੰਜਣ ਨਹੀਂ ਫਟਿਆ ਪਰ ਧਮਾਕੇ ਕਾਰਨ ਦੂਜੇ ਨਾਕਿਆਂ ‘ਤੇ ਖੜ੍ਹੇ ਕਈ ਵਾਹਨ ਪ੍ਰਭਾਵਿਤ ਹੋਏ। ਇਸੇ ਦੌਰਾਨ ਚੈੱਕ ਪੋਸਟ ਵਿੱਚ ਬੈਠਾ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਮੁੱਢਲੇ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਧਮਾਕੇ ਮਗਰੋਂ ਪੀਸ ਬ੍ਰਿਜ ਸਣੇ ਕਈ ਲਾਂਘੇ ਬੰਦ ਕੀਤੇ ਗਏ, ਜੋ ਥੋੜ੍ਹੀ ਦੇਰ ਬਾਅਦ ਖੋਲ੍ਹ ਦਿੱਤੇ ਗਏ। ਦੋ ਦਿਨ ਬਾਅਦ ਅਮਰੀਕਾ ਵਿਚ ਥੈਂਕਸ ਗਿਵਿੰਗ ਡੇਅ ਦੀ ਛੁੱਟੀ ਹੋਣ ਕਾਰਨ ਸਰਹੱਦੀ ਲਾਂਘਿਆਂ ‘ਤੇ ਕਾਫੀ ਭੀੜ ਸੀ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਡੋਮਨਿਕ ਬਲੈਂਕ ਨੇ ਕਿਹਾ ਕਿ ਲੋਕ ਸੁਰੱਖਿਆ ਨੂੰ ਕਿਸੇ ਵੀ ਚੁਣੌਤੀ ਨਾਲ ਸਿੱਝਣਾ ਦੋਵਾਂ ਦੇਸ਼ਾਂ ਦੀ ਪਹਿਲ ਹੈ ਤੇ ਇਸ ਧਮਾਕੇ ਪਿਛਲੀ ਸਾਜਿਸ਼ ਦੀ ਤਹਿ ਤੱਕ ਪਹੁੰਚਿਆ ਜਾਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਧਮਾਕੇ ਬਾਰੇ ਥੋੜ੍ਹੀ ਜਾਣਕਾਰੀ ਖੁਦ ਸੰਸਦ ਵਿਚ ਸਾਂਝੀ ਕੀਤੀ ਸੀ।