ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਯੂ.ਐੱਸ. ਡਿਸਟ੍ਰਿਕਟ ਜੱਜ ਜੌਹਨ ਆਰ ਐਡਮਜ ਵੱਲੋਂ ਨਾਬਾਲਗ ਨਾਲ ਨਾਜਾਇਜ਼ ਸਬੰਧ ਬਣਾਉਣ ਤੇ ਆਪਣੇ ਕੋਲ ਜਿਨਸੀ ਸ਼ੋਸ਼ਣ ਸਮੱਗਰੀ ਰੱਖਣ ਦੇ ਮਾਮਲੇ ਵਿਚ ਸੋਮਈਆ ਰੁਦਰਾ ਨਾਮੀ 42 ਸਾਲਾ ਭਾਰਤੀ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਸੋਮਈਆ ਵਾਈਟਹਾਲ, ਪੈਨਸਿਲਵੇਨੀਆ ਦਾ ਰਹਿਣ ਹੈ। ਇਹ ਐਲਾਨ ਅਮਰੀਕੀ ਨਿਆਂ ਵਿਭਾਗ ਦੁਆਰਾ ਕੀਤਾ ਗਿਆ ਹੈ। ਜੱਜ ਨੇ ਕੈਦ ਕੱਟਣ ਉਪਰੰਤ ਉਸ ਉਪਰ 10 ਸਾਲ ਲਈ ਨਿਗਰਾਨੀ ਰੱਖਣ ਦਾ ਆਦੇਸ਼ ਵੀ ਦਿੱਤਾ ਹੈ। ਇਸ ਤੋਂ ਇਲਾਵਾ 50 ਹਜ਼ਾਰ ਡਾਲਰ ਜੁਰਮਾਨਾ ਤੇ 17 ਹਜ਼ਾਰ ਡਾਲਰ ਮੁਆਵਜ਼ੇ ਵਜੋਂ ਦੇਣ ਦਾ ਆਦੇਸ਼ ਦਿੱਤਾ ਹੈ। ਅਦਾਲਤੀ ਦਸਤਾਵੇਜ਼ ਅਨੁਸਾਰ 2023 ‘ਚ ਰੁਦਰਾ ਦੀ ”ਕਿਸ ਕਿਸ” ਨਾਮੀ ਐਪ ਉਪਰ 14 ਸਾਲਾ ਲੜਕੀ ਨਾਲ ਜਾਣ-ਪਛਾਣ ਹੋਈ ਸੀ। ਇਸ ਤੋਂ ਬਾਅਦ ਉਹ ਲੜਕੀ ਨਾਲ ਵੀਡੀਓ ਫੋਨ ਰਾਹੀਂ ਗੱਲਬਾਤ ਕਰਦਾ ਰਿਹਾ ਤੇ ਫੋਨ ਉਪਰ ਸੁਨੇਹੇ ਭੇਜਦਾ ਰਿਹਾ। ਨਵੰਬਰ 2023 ਦੇ ਆਖਰ ਵਿਚ ਉਹ ਲੜਕੀ ਨੂੰ ਨਿੱਜੀ ਤੌਰ ‘ਤੇ ਮਿਲਣ ਲਈ ਪੈਨਸਿਲਵੇਨੀਆ ਤੋਂ ਓਹਾਇਓ ਗਿਆ। ਉਸ ਨੇ ਮੰਨਿਆ ਕਿ ਉਹ ਲੜਕੀ ਨੂੰ ਹੋਟਲ ਵਿਚ ਲੈ ਕੇ ਗਿਆ, ਜਿਥੇ ਉਸ ਨੇ ਉਸ ਨਾਲ ਨਾਜਾਇਜ਼ ਸਰੀਰਕ ਸਬੰਧ ਬਣਾਏ। ਲੜਕੀ ਦੇ ਪਰਿਵਾਰ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਲਾਅ ਇਨਫੋਰਸਮੈਂਟ ਅਧਿਕਾਰੀਆਂ ਦੁਆਰਾ ਮਾਮਲੇ ਦੀ ਜਾਂਚ ਪੜਤਾਲ ਉਪਰੰਤ ਰੁਦਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਨਾਬਾਲਗ ਨਾਲ ਨਾਜਾਇਜ਼ ਸਬੰਧਾਂ ਦੇ ਮਾਮਲੇ ‘ਚ ਭਾਰਤੀ ਨੂੰ 30 ਸਾਲ ਕੈਦ; 50 ਹਜ਼ਾਰ ਡਾਲਰ ਜੁਰਮਾਨਾ
